ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਸਤੰਬਰ
ਦਿੱਲੀ ਪੁਲੀਸ ਨੇ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਖੇਤਰ ਵਿੱਚ 20 ਸਾਲਾ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿੱਚ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਾਰੇ ਨਾਬਾਲਗ ਹਨ। ਮ੍ਰਿਤਕ ਦੀ ਪਛਾਣ ਸੰਗਮ ਵਿਹਾਰ ਵਾਸੀ ਦਿਲਸ਼ਾਦ ਵਜੋਂ ਹੋਈ ਹੈ। ਪੁਲੀਸ ਨੇ ਕਿਹਾ ਕਿ ਘਟਨਾ ਦੀ ਸੀਸੀਟੀਵੀ ਫੁਟੇਜ ਰਾਹੀਂ ਸਾਰੇ ਮੁਲਜ਼ਮਾਂ ਦਾ ਪਤਾ ਲਗਾਇਆ ਗਿਆ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ਵਿੱਚ ਲੜਕਿਆਂ ਦਾ ਇੱਕ ਗਰੁੱਪ ਨੌਜਵਾਨ ’ਤੇ ਹਮਲਾ ਕਰ ਰਿਹਾ ਹੈ ਅਤੇ ਉਸ ’ਤੇ ਚਾਕੂ ਦੇ ਕਈ ਵਾਰ ਕੀਤੇ ਗਏ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਬੀਤੀ ਸ਼ਾਮ ਲਗਪਗ 7.30 ਵਜੇ ਸੂਚਨਾ ਮਿਲੀ ਸੀ ਕਿ ਸੰਗਮ ਵਿਹਾਰ ਖੇਤਰ ’ਚ ਤੁਗਲਕਾਬਾਦ ਐਕਸਟੈਂਸ਼ਨ ਨੇੜੇ ਕੁਝ ਨੌਜਵਾਨਾਂ ਨੇ ਇੱਕ ਵਿਅਕਤੀ ’ਤੇ ਚਾਕੂ ਮਾਰ ਦਿੱਤਾ ਹੈ।