EID Mubarak:ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਈਦ ਮਨਾਈ
ਰਾਜਧਾਨੀ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਮਾਰਚ ਕੀਤੇ; ਕਈ ਇਲਾਕਿਆਂ ’ਚ ਕੇਂਦਰੀ ਬਲ ਤਾਇਨਾਤ
ਬਕਰੀਦ ਦੇ ਜਸ਼ਨਾਂ ਦੇ ਮੱਦੇਨਜ਼ਰ ਕੌਮੀ ਰਾਜਧਾਨੀ ਦੇ ਸੰਵੇਦਨਸ਼ੀਲ ਖੇਤਰਾਂ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ। ਅਧਿਕਾਰੀਆਂ ਅਨੁਸਾਰ ਤਿਉਹਾਰ ਦੌਰਾਨ ਸ਼ਹਿਰ ਭਰ ਵਿੱਚ ਫ਼ਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਦਿੱਲੀ ਪੁਲੀਸ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ। ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਕਰਮਚਾਰੀ ਵੀ ਕਈ ਜ਼ਿਲ੍ਹਿਆਂ ਵਿੱਚ ਦਿੱਲੀ ਪੁਲੀਸ ਟੀਮਾਂ ਦੇ ਨਾਲ ਤਾਇਨਾਤ ਕੀਤੇ ਗਏ।
ਪੁਲੀਸ ਅਧਿਕਾਰੀਆਂ ਨੇ ਕਿਹਾ ਭਾਰਤ-ਅਫਰੀਕਾ ਫੋਰਮ ਸੰਮੇਲਨ ਕਰ ਕੇ ਸੁਰੱਖਿਆ ਡਿਊਟੀਆਂ ਲਈ ਤਾਇਨਾਤ ਕੀਤੇ ਮੁਲਾਜ਼ਮਾਂ ਨੂੰ ਅੱਜ ਦਿੱਲੀ ਦੇ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤਾ ਗਿਆ। ਕੇਂਦਰੀ ਸੁਰੱਖਿਆ ਬਲਾਂ ਦੀਆਂ ਲਗਪਗ 60 ਕੰਪਨੀਆਂ ਜੋ ਪਹਿਲਾਂ ਪ੍ਰਸਤਾਵਿਤ ਭਾਰਤ-ਅਫਰੀਕਾ ਫੋਰਮ ਸੰਮੇਲਨ ਲਈ ਦਿੱਲੀ ਵਿੱਚ ਤਾਇਨਾਤ ਸਨ। ਇਨ੍ਹਾਂ ਬਲਾਂ ਨੂੰ ਰਾਜਧਾਨੀ ਭਰ ਵਿੱਚ ਫ਼ਿਰਕੂ ਤੌਰ ’ਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਭੇਜਿਆ ਗਿਆ।
ਕੌਮੀ ਰਾਜਧਾਨੀ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜਾਮਾ ਮਸਜਿਦ ਖੇਤਰ ਅਤੇ ਰੋਹਿਣੀ ਦੇ ਪ੍ਰੇਮ ਨਗਰ ਸਣੇ ਕਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਥਾਨਕ ਪੁਲੀਸ ਅਤੇ ਕੇਂਦਰੀ ਬਲਾਂ ਦੀ ਸ਼ਮੂਲੀਅਤ ਵਾਲੇ ਰੂਟ ਮਾਰਚ ਕੀਤੇ ਗਏ। ਦਿੱਲੀ ਪੁਲੀਸ ਦੀ ਵਿਸ਼ੇਸ਼ ਸ਼ਾਖਾ ਵੱਲੋਂ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤੀ ’ਤੇ ਨੇੜਿਓਂ ਨਜ਼ਰ ਰੱਖੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਤਿਉਹਾਰ ਤੋਂ ਪਹਿਲਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਉਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਰਾਤ ਦੀ ਗਸ਼ਤ ਤੇਜ਼ ਕਰ ਦਿੱਤੀ ਗਈ ਸੀ।

