ਦਿੱਲੀ ਨੂੰ ਪ੍ਰਦੂਸ਼ਣ ਦੀ ਮਾਰ ਤੋਂ ਬਚਾਉਣ ਲਈ ਹੰਭਲਾ
ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਅਤੇ ਗੰਭੀਰ ਤੋਂ ਵੱਧ ਸ਼੍ਰੇਣੀ ਵਿੱਚ ਪਹੁੰਚ ਗਿਆ ਹੈ। ਮੰਗਲਵਾਰ ਸਵੇਰੇ 7 ਵਜੇ ਏ ਕਿਊ ਆਈ 450 ਤੋਂ ਉੱਪਰ ਦਰਜ ਕੀਤਾ ਗਿਆ। ਬਵਾਨਾ, ਰੋਹਿਣੀ ਅਤੇ ਮੁੰਡਕਾ ਸਭ ਤੋਂ ਵੱਧ ਪ੍ਰਭਾਵਿਤ ਹਨ। ਸਰਕਾਰ ਨੇ ਪ੍ਰਦੂਸ਼ਣ ਘਟਾਉਣ ਲਈ ਕਈ ਕਦਮ ਚੁੱਕੇ ਹਨ ਪਰ ਹੁਣ ਤੱਕ ਇਨ੍ਹਾਂ ਦਾ ਕੋਈ ਮਹੱਤਵਪੂਰਨ ਅਸਰ ਨਜ਼ਰ ਨਹੀਂ ਆਇਆ। ਇਸੇ ਕਰ ਕੇ ਪ੍ਰਸ਼ਾਸਨ ਨੇ ਜੀ ਆਰ ਏ ਪੀ ਪੜਾਅ ਤਿੰਨ ਤਹਿਤ ਪਾਬੰਦੀਆਂ ਲਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਇਸ ਕਦਮ ਨੂੰ ਦੇਰੀ ਨਾਲ ਪੁੱਟਿਆ ਕਰਾਰ ਦਿੱਤਾ ਗਿਆ ਹੈ।
ਹਵਾ ਗੁਣਵੱਤਾ ਪ੍ਰਬੰਧਨ ਲਈ ਜ਼ਿੰਮੇਵਾਰ ਸਰਕਾਰੀ ਸੰਸਥਾ ਨੇ ਕਿਹਾ ਕਿ ਭਾਰਤ ਨੇ ਮੰਗਲਵਾਰ ਨੂੰ ਆਪਣੀ ਰਾਜਧਾਨੀ ਨਵੀਂ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪ੍ਰਦੂਸ਼ਣ ਵਿਰੋਧੀ ਸਖ਼ਤ ਉਪਾਅ ਲਾਗੂ ਕੀਤੇ ਹਨ। ਇਸ ਦਾ ਕਾਰਨ ਪ੍ਰਦੂਸ਼ਣ ਦੀ ਸਮੱਸਿਆ ਦਾ ਗੰਭੀਰ ਹੋਣਾ ਹੈ। ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਕਿਹਾ ਕਿ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀ ਆਰ ਏ ਪੀ) ਦਾ ਤੀਜਾ ਪੜਾਅ ਮੰਗਲਵਾਰ ਨੂੰ ਲਾਗੂ ਕਰ ਦਿੱਤਾ ਗਿਆ।
ਪੜਾਅ ਤਿੰਨ ਦੇ ਤਹਿਤ ਗ਼ੈਰ-ਜ਼ਰੂਰੀ ਨਿਰਮਾਣ ਕਾਰਜਾਂ ਅਤੇ ਪ੍ਰਦੂਸ਼ਣ ਕਰਨ ਵਾਲੇ ਬਾਲਣ ਦੀ ਵਰਤੋਂ ਕਰਨ ਵਾਲੀਆਂ ਉਦਯੋਗਿਕ ਸਰਗਰਮੀਆਂ ’ਤੇ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਮੰਗਲਵਾਰ ਸਵੇਰੇ ਦਿੱਲੀ ਦਾ ਏ ਕਿਊ ਆਈ 400 ਤੋਂ ਉੱਪਰ ਰਿਹਾ। ਤੀਜਾ ਪੜਾਅ ਲਾਗੂ ਕਰਨ ਦਾ ਕਦਮ ਇੰਡੀਆ ਗੇਟ ਸਮਾਰਕ ’ਤੇ ਹੋਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪੁੱਟਿਆ ਗਿਆ ਹੈ ਜਿੱਥੇ ਪੁਲੀਸ ਨੇ ਸਾਫ਼ ਹਵਾ ਦੀ ਮੰਗ ਕਰਦੇ ਦਰਜਨਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਸੀ।
ਸਰਕਾਰੀ ਸੈਟੇਲਾਈਟ ਡੇਟਾ ਵੱਲੋਂ ਨਵੰਬਰ ਦੀ ਸ਼ੁਰੂਆਤ ਤੋਂ ਬਾਅਦ ਕਿਸਾਨਾਂ ਦੁਆਰਾ ਅਗਲੀ ਬਿਜਾਈ ਤੋਂ ਪਹਿਲਾਂ ਜ਼ਮੀਨ ਸਾਫ਼ ਕਰਨ ਲਈ ਪਰਾਲੀ ਨੂੰ ਅੱਗ ਲਗਾਉਣ ਵਿੱਚ ਵਾਧਾ ਦਿਖਾਇਆ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਨੇ ਕਿਹਾ ਕਿ 15 ਸਤੰਬਰ ਤੋਂ 9 ਨਵੰਬਰ ਤੱਕ ਖੇਤਾਂ ਵਿੱਚ ਅੱਗ ਲੱਗਣ ਦੀਆਂ ਕੁੱਲ ਘਟਨਾਵਾਂ ਇਸ ਸਾਲ ਪਿਛਲੇ ਸਮੇਂ ਨਾਲੋਂ ਬਹੁਤ ਘੱਟ ਸਨ।
ਕੌਮੀ ਰਾਜਧਾਨੀ ਅਤੇ ਐੱਨ ਸੀ ਆਰ ਵਿੱਚ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ ’ਤੇ ਪਹੁੰਚ ਗਈ ਹੈ। ਇਸ ਕਾਰਨ ਦਿੱਲੀ ਵਾਸੀ ਸਾਫ਼ ਹਵਾ ਲਈ ਤਰਸ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ ਪੀ ਸੀ ਬੀ) ਦੇ ਅੰਕੜਿਆਂ ਅਨੁਸਾਰ ਮੰਗਲਵਾਰ ਸਵੇਰੇ ਸੱਤ ਵਜੇ ਦਿੱਲੀ ਦਾ ਏ ਕਿਊ ਆਈ 421 ਦਰਜ ਕੀਤਾ ਗਿਆ ਜੋ ‘ਗੰਭੀਰ’ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੌਰਾਨ ਆਨੰਦ ਵਿਹਾਰ ਵਿੱਚ ਏ ਕਿਊ ਆਈ 442, ਅਲੀਪੁਰ ਵਿੱਚ 434, ਬਵਾਨਾ ਵਿੱਚ 462, ਰੋਹਿਣੀ ਵਿੱਚ 451, ਮੁੰਡਕਾ ਵਿੱਚ 455, ਵਜ਼ੀਰਪੁਰ ਵਿੱਚ 460, ਪੰਜਾਬੀ ਬਾਗ ਵਿੱਚ 451, ਆਈ ਟੀ ਓ ਵਿੱਚ 433 ਅਤੇ ਚਾਂਦਨੀ ਚੌਕ ’ਚ 420 ਦਰਜ ਕੀਤਾ ਗਿਆ। ਦਿੱਲੀ ਦੀ ਵਿਗੜਦੀ ਹਵਾ ਦੀ ਗੁਣਵੱਤਾ ਲੋਕਾਂ ਲਈ ਅੱਖਾਂ ਵਿੱਚ ਜਲਣ ਅਤੇ ਸਾਹ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੁਪਰੀਮ ਕੋਰਟ ਨੇ ਜੀ ਆਰ ਏ ਪੀ ਦੇ ਤੀਜੇ ਪੜਾਅ ਨੂੰ ਲਾਗੂ ਕਰਨ ਲਈ ਏ ਕਿਊ ਆਈ ਸੀਮਾ 350 ਨਿਰਧਾਰਤ ਕੀਤੀ ਸੀ। ਦਿੱਲੀ ਵਿੱਚ ਸੋਮਵਾਰ ਸਵੇਰੇ 8 ਵਜੇ ਏ ਕਿਊ ਆਈ 391 ਤੱਕ ਪਹੁੰਚ ਗਿਆ ਸੀ ਫਿਰ ਵੀ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਨੇ ਕੋਈ ਕਦਮ ਨਹੀਂ ਸੀ ਚੁੱਕਿਆ।
