ਐੱਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਦਿੱਲੀ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਲਗਭਗ 600 ਕਰੋੜ ਰੁਪਏ ਦੇ ਮੈਡੀਕਲ ਉਪਕਰਣਾਂ ਦੀ ਖ਼ਰੀਦ ਨਾਲ ਜੁੜੇ ਕਥਿਤ ਘੁਟਾਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਈ ਡੀ ਨੇ ਇਸ ਮਾਮਲੇ ਵਿੱਚ ਮਨੀ ਲਾਂਡਰਿੰਗ ਰੋਕਥਾਮ ਐਕਟ (ਪੀ ਐੱਮ ਐੱਲ ਏ) ਦੇ ਤਹਿਤ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਹੈ। ਈ ਡੀ ਦੀ ਦਿੱਲੀ ਜ਼ੋਨ-2 ਟੀਮ ਨੇ ਦਿੱਲੀ ਸਰਕਾਰ ਦੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਨੂੰ ਪੱਤਰ ਲਿਖ ਕੇ ਕੇਂਦਰੀ ਖ਼ਰੀਦ ਏਜੰਸੀ ਅਤੇ ਸਿਹਤ ਸੇਵਾਵਾਂ ਦੇ ਡਾਇਰੈਕਟਰ ਵੱਲੋਂ ਕੀਤੀਆਂ ਗਈਆਂ ਸਾਰੀਆਂ ਡਾਕਟਰੀ ਸਾਮਾਨ ਨਾਲ ਜੁੜੀਆਂ ਖਰੀਦਾਂ ਨਾਲ ਸਬੰਧਤ ਦਸਤਾਵੇਜ਼ ਮੰਗੇ ਹਨ। ਈਡੀ ਦੀ ਜਾਂਚ ਵਿੱਚ ਮਹਿੰਗੇ ਮੈਡੀਕਲ ਉਪਕਰਨ ਜਿਵੇਂ ਕਿ ਪੋਰਟੇਬਲ ਐਕਸ-ਰੇਅ ਮਸ਼ੀਨਾਂ, ਸੀ-ਆਰਮ ਰੇਡੀਓਲੋਜੀਕਲ ਉਪਕਰਨ, ਅਤੇ ਅਨਸਥੀਸੀਆ ਵਰਕਸਟੇਸ਼ਨ ਸ਼ਾਮਲ ਹਨ। ਓਰਲ ਰੀਹਾਈਡਰੇਸ਼ਨ ਸਾਲਟ (ਓ ਆਰ ਐੱਸ), ਬੈੱਡ ਸ਼ੀਟਾਂ, ਲਿਨਨ, ਸਰਜੀਕਲ ਵਸਤੂਆਂ, ਡ੍ਰੈਸਿੰਗ, ਸੀਨੇ, ਕੈਨੂਲਾ, ਦਸਤਾਨੇ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਸਪਲਾਈਆਂ ਦੀ ਖਰੀਦ ਪ੍ਰਕਿਰਿਆ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਏਜੰਸੀ ਨੇ ਟੈਂਡਰ ਪ੍ਰਕਿਰਿਆ, ਤਕਨੀਕੀ ਅਤੇ ਵਿੱਤੀ ਮੁਲਾਂਕਣ, ਇਕਰਾਰਨਾਮੇ ਦੇ ਨਿਯਮ, ਸਾਮਾਨ ਦੀ ਸਪਲਾਈ, ਨਿਰੀਖਣ, ਪ੍ਰਵਾਨਗੀਆਂ ਅਤੇ ਭੁਗਤਾਨ ਰਿਲੀਜ਼ ਨਾਲ ਸਬੰਧਤ ਸਾਰੇ ਰਿਕਾਰਡ ਮੰਗੇ ਹਨ। ਈ ਡੀ ਨੇ ਉਨ੍ਹਾਂ ਕੰਪਨੀਆਂ, ਨਿਰਮਾਤਾਵਾਂ, ਓ ਈ ਐਮ ਅਤੇ ਵਿਤਰਕਾਂ ਨਾਲ ਸਬੰਧਤ ਵਿੱਤੀ ਲੈਣ-ਦੇਣ ਦੇ ਪੂਰੇ ਵੇਰਵੇ ਵੀ ਮੰਗੇ ਹਨ ਜਿਨ੍ਹਾਂ ਤੋਂ ਇਹ ਮੈਡੀਕਲ ਸਪਲਾਈ ਖਰੀਦੀ ਗਈ ਸੀ।
ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਜਾਰੀ
ਏ ਸੀ ਬੀ ਅਤੇ ਵਿਜੀਲੈਂਸ ਵਿਭਾਗ ਵੱਲੋਂ ਇਸ ਵੱਡੇ ਘੁਟਾਲੇ ਦੀ ਪਹਿਲਾਂ ਹੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ, ਏ ਸੀ ਬੀ ਪਹਿਲਾਂ ਹੀ ਸੀ ਪੀ ਏ ਮੁਖੀ ਡਾ. ਰੰਗਾ ਨੂੰ ਗ੍ਰਿਫ਼ਤਾਰ ਕਰ ਚੁੱਕਾ ਹੈ। ਇਸ ਤੋਂ ਇਲਾਵਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਸਿਫਾਰਿਸ਼ ਤੋਂ ਬਾਅਦ ਦੋ ਹੋਰ ਡਾਕਟਰਾਂ ਵਿਰੁੱਧ ਐਫ ਆਈ ਆਰ ਦਰਜ ਕੀਤੀ ਗਈ ਹੈ।

