DU ELECTIONS: ਚੋਣਾਂ ਵਿੱਚ ਸੱਤਿਆ ਨਿਕੇਤਨ ਮਾਮਲਾ ਉਭਰਿਆ
ਵਿਦਿਆਰਥੀਆਂ ਨੇ ਸਸਤੇ ਹੋਸਟਲਾਂ ਅਤੇ ਮੈਟਰੋ ਕਿਰਾਏ ਵਿੱਚ ਛੋਟ ਮੰਗੀ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੀਆਂ ਚੋਣਾਂ ਲਈ ਅੱਜ ਪਈਆਂ ਵੋਟਾਂ ਦੌਰਾਨ ਮਹਿੰਗੇ ਪੀ ਜੀ ਕਿਰਾਏ, ਸਸਤੀ ਰਿਹਾਇਸ਼ ਦੀ ਘਾਟ, ਬੰਦ ਪਏ ਹੋਸਟਲ ਅਤੇ ਸਫ਼ਰ ਦੇ ਖਰਚੇ ਵਿਦਿਆਰਥੀਆਂ ਲਈ ਮੁੱਖ ਮੁੱਦੇ ਵਜੋਂ ਉੱਭਰੇ। ਹਾਲ ਹੀ ਵਿੱਚ ਸੱਤਿਆ ਨਿਕੇਤਨ ਇਲਾਕੇ ਵਿੱਚ ਇਮਾਰਤ ਡਿੱਗਣ ਦੀ ਘਟਨਾ ਨੇ ਸੁਰੱਖਿਆ ਪ੍ਰਤੀ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।
ਦੂਜੇ ਸੂਬਿਆਂ ਤੋਂ ਦਿੱਲੀ ਆਏ ਵਿਦਿਆਰਥੀਆਂ ਲਈ ਸੁਰੱਖਿਅਤ ਤੇ ਸਸਤੀ ਜਗ੍ਹਾ ਲੱਭਣੀ ਸਭ ਤੋਂ ਵੱਡੀ ਪ੍ਰੇਸ਼ਾਨੀ ਹੈ। ਮੋਤੀ ਲਾਲ ਨਹਿਰੂ ਕਾਲਜ ਦੇ ਵਿਦਿਆਰਥੀ ਹਰਸ਼ ਪਾਂਡੇ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਕਈ ਹੋਸਟਲ ਬੰਦ ਪਏ ਹਨ। ਜੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਂਭਿਆ ਜਾਵੇ ਤਾਂ ਵਿਦਿਆਰਥੀਆਂ ਨੂੰ ਪ੍ਰਾਈਵੇਟ ਪੀ ਜੀ ’ਤੇ ਨਿਰਭਰ ਨਹੀਂ ਰਹਿਣਾ ਪਵੇਗਾ। ਉੱਤਰਾਖੰਡ ਤੋਂ ਆਈ ਅਦਿਤੀ ਨੇ ਦੱਸਿਆ ਕਿ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਸਸਤੀ ਰਿਹਾਇਸ਼ ਲਈ ਆਪਣੀ ਸੁਰੱਖਿਆ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ। ਉਸ ਨੇ ਕਿਹਾ, ‘ਜਦੋਂ ਅਸੀਂ ਪੜ੍ਹਨ ਆਉਂਦੇ ਹਾਂ ਤਾਂ ਸੁਰੱਖਿਆ ਸਭ ਤੋਂ ਅਹਿਮ ਹੁੰਦੀ ਹੈ ਅਤੇ ਘੱਟੋ-ਘੱਟ ਵਾਪਸ ਪਰਤਣ ਲਈ ਸਾਡੇ ਕੋਲ ਇੱਕ ਸੁਰੱਖਿਅਤ ਥਾਂ ਜ਼ਰੂਰ ਹੋਣੀ ਚਾਹੀਦੀ ਹੈ। ਆਨੰਦ ਨਿਕੇਤਨ ਅਤੇ ਆਰ ਕੇ ਪੁਰਮ ਵਰਗੇ ਇਲਾਕਿਆਂ ਵਿੱਚ ਬਿਨਾਂ ਖਾਣੇ ਤੋਂ ਇੱਕ ਬੈੱਡ ਦਾ ਕਿਰਾਇਆ ਕਰੀਬ 20 ਹਜ਼ਾਰ ਰੁਪਏ ਹੈ, ਜੋ ਇੱਕ ਆਮ ਵਿਦਿਆਰਥੀ ਲਈ ਬਹੁਤ ਮਹਿੰਗਾ ਹੈ।’
ਜ6 ਸਤੰਬਰ ਨੂੰ ਦੱਖਣੀ ਕੈਂਪਸ ਨੇੜੇ ਸੱਤਿਆ ਨਿਕੇਤਨ ਵਿੱਚ ਇੱਕ ਪੀ ਜੀ ਵਾਲੀ ਪੰਜ ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਮਲਬੇ ਹੇਠੋਂ ਬਾਰਾਂ ਜਣਿਆਂ ਨੂੰ ਕੱਢਿਆ ਗਿਆ ਸੀ, ਜਿਨ੍ਹਾਂ ਵਿੱਚੋਂ ਸੱਤ ਦੀ ਮੌਤ ਹੋਈ ਅਤੇ ਪੰਜ ਜ਼ਖ਼ਮੀ ਹੋ ਗਏ ਸਨ। ਇਸ ਘਟਨਾ ਮਗਰੋਂ ਵੈਂਕਟੇਸ਼ਵਰ ਕਾਲਜ ਦੇ ਵਿਦਿਆਰਥੀ ਅਨਮੋਲ ਨੇ ਡਰਦਿਆਂ ਆਪਣੀ ਰਿਹਾਇਸ਼ ਬਦਲ ਲਈ ਸੀ। ਉਸ ਨੇ ਕਿਹਾ ਕਿ ਦੂਰ ਜਾਣ ਨਾਲ ਸਫ਼ਰ ਦਾ ਖਰਚਾ ਵੱਧ ਗਿਆ ਹੈ, ਇਸ ਲਈ ਵਿਦਿਆਰਥੀਆਂ ਨੂੰ ਮੈਟਰੋ ਕਿਰਾਏ ਵਿੱਚ ਛੋਟ ਮਿਲਣੀ ਬਹੁਤ ਜ਼ਰੂਰੀ ਹੈ। ਮੋਤੀ ਲਾਲ ਨਹਿਰੂ ਕਾਲਜ ਦੇ ਭੁਪੇਸ਼ ਨੇ ਦੱਸਿਆ ਕਿ ਦੂਰ ਰਹਿਣਾ ਮਹਿੰਗਾ ਪੈਣ ਕਰਕੇ ਕੁਝ ਵਿਦਿਆਰਥੀ ਡਰਦੇ ਹੋਏ ਵੀ ਵਾਪਸ ਉਨ੍ਹਾਂ ਪੀ ਜੀ ਵਿੱਚ ਪਰਤ ਆਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਐਲਾਨਿਆ ਗਿਆ ਹੈ।
ਆਰੀਆ ਭੱਟ ਕਾਲਜ ਦੇ ਵਿਦਿਆਰਥੀ ਪਵਨ ਨੇ ਮੰਗ ਕੀਤੀ ਕਿ ਪੀ ਜੀ ਮਾਲਕਾਂ ਦੀ ਮਨਮਰਜ਼ੀ ਰੋਕਣ ਲਈ ਕਿਰਾਇਆ ਨੀਤੀ ਬਣਾਈ ਜਾਵੇ। ਇਸੇ ਕਾਲਜ ਦੇ ਆਰੀਅਨ ਨੇ ਸੁਝਾਅ ਦਿੱਤਾ ਕਿ ਕੈਂਪਸ ਵਿਚਲੀਆਂ ਖਾਲੀ ਥਾਵਾਂ ਉੱਤੇ ਸਸਤੇ ਹੋਸਟਲ ਬਣਾਏ ਜਾਣ ਕਿਉਂਕਿ ਦੂਰ ਰਹਿਣ ਵਾਲਿਆਂ ਲਈ ਰੋਜ਼ਾਨਾ ਦਾ ਸਫ਼ਰ ਕਾਫ਼ੀ ਮਹਿੰਗਾ ਪੈਂਦਾ ਹੈ। ਦੂਜੇ ਪਾਸੇ ਏ ਬੀ ਵੀ ਪੀ ਦੇ ਪ੍ਰਧਾਨਗੀ ਉਮੀਦਵਾਰ ਯਸ਼ ਡਬਾਸ ਨੇ ਵਾਅਦਾ ਕੀਤਾ ਕਿ ਜੇ ਉਹ ਜਿੱਤਦੇ ਹਨ ਤਾਂ ਸਭ ਤੋਂ ਪਹਿਲਾਂ ਸਾਰੇ ਕਾਲਜਾਂ ਅਤੇ ਹੋਸਟਲਾਂ ਦਾ ਸੁਰੱਖਿਆ ਆਡਿਟ ਕਰਵਾ ਕੇ ਰਿਪੋਰਟ ਜਨਤਕ ਕੀਤੀ ਜਾਵੇਗੀ।
ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਸਿਆਸਤ ਦਾ ਪਹਿਲਾ ਤਜਰਬਾ
ਨਵੀ ਦਿੱਲੀ: ਚੋਣਾਂ ਦੌਰਾਨ ਏ ਬੀ ਵੀ ਪੀ, ਐੱਨ ਐੱਸ ਯੂ ਆਈ, ਆਇਸਾ ਅਤੇ ਐੱਸ ਐੱਫ ਆਈ ਦੇ ਸਮਰਥਕ ਸਵੇਰ ਤੋਂ ਹੀ ਆਪਣੇ ਉਮੀਦਵਾਰਾਂ ਦੇ ਪਰਚੇ ਵੰਡਦੇ ਨਜ਼ਰ ਆਏ। ਕਾਲਜਾਂ ਦੇ ਬਾਹਰ ਖੜ੍ਹੇ ਵਿਦਿਆਰਥੀਆਂ ਦੇ ਗੁੱਟ ਆਉਣ-ਜਾਣ ਵਾਲਿਆਂ ਨੂੰ ਆਪਣੇ ਪੱਖ ਵਿੱਚ ਭੁਗਤਣ ਦੀ ਅਪੀਲ ਕਰਦੇ ਰਹੇ। ਵੋਟ ਪਾਉਣ ਮਗਰੋਂ ਵਿਦਿਆਰਥੀ ਚਾਹ ਅਤੇ ਆਈਸਕ੍ਰੀਮ ਦੀਆਂ ਰੇਹੜੀਆਂ ਉੱਤੇ ਖੜ੍ਹ ਕੇ ਚੋਣਾਂ ਦੇ ਨਤੀਜਿਆਂ ਅਤੇ ਯੂਨੀਵਰਸਿਟੀ ਵਿੱਚ ਆਉਣ ਵਾਲੇ ਬਦਲਾਅ ਬਾਰੇ ਚਰਚਾਵਾਂ ਕਰਦੇ ਦੇਖੇ ਗਏ। ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇਹ ਸਿਆਸਤ ਦਾ ਪਹਿਲਾ ਤਜਰਬਾ ਸੀ। ਕਈ ਨਵੇਂ ਵਿਦਿਆਰਥੀਆਂ ਨੇ ਮੰਨਿਆ ਕਿ ਉਨ੍ਹਾਂ ਨੇ ਆਪਣੇ ਦੋਸਤਾਂ ਦੇ ਕਹਿਣ ਉੱਤੇ ਵੋਟ ਪਾਈ ਹੈ। ਵੋਟਾਂ ਪਾਉਣ ਲੱਗਿਆਂ ਬੁਨਿਆਦੀ ਢਾਂਚਾ, ਫੀਸਾਂ ਵਿੱਚ ਵਾਧਾ, ਕੁੜੀਆਂ ਲਈ ਮਹੀਨਾਵਾਰੀ ਛੁੱਟੀ ਅਤੇ ਸੱਤਿਆ ਨਿਕੇਤਨ ਵਿੱਚ ਇਮਾਰਤ ਡਿੱਗਣ ਮਗਰੋਂ ਸੁਰੱਖਿਅਤ ਰਿਹਾਇਸ਼ ਵਰਗੇ ਮੁੱਦੇ ਭਾਰੂ ਰਹੇ। ਕਿਰੋੜੀ ਮੱਲ ਕਾਲਜ ਦੇ ਇੱਕ ਵਿਦਿਆਰਥੀ ਨੇ ਦੱਸਿਆ ਕਿ ਉਸ ਲਈ ਵਧੀਆ ਲੈਬਾਰਟਰੀਆਂ ਅਤੇ ਸਹੂਲਤਾਂ ਦਾ ਮੁੱਦਾ ਸਭ ਤੋਂ ਅਹਿਮ ਸੀ। ਚੋਣਾਂ ਦੌਰਾਨ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉੱਡੀਆਂ। ਮਹਿੰਗੀਆਂ ਗੱਡੀਆਂ ਦੀਆਂ ਛੱਤਾਂ ਤੋਂ ਪਰਚੇ ਸੁੱਟੇ ਗਏ ਜਿਸ ਨਾਲ ਸੜਕਾਂ ਅਤੇ ਫੁੱਟਪਾਥ ਕੂੜੇ ਨਾਲ ਭਰ ਗਏ। ਇੱਕ ਵਿਦਿਆਰਥੀ ਨੇ ਸਵਾਲ ਉਠਾਇਆ ਕਿ ਇਹ ਖਿਲਾਰਾ ਕੌਣ ਸਾਫ਼ ਕਰੇਗਾ। ਵਿਦਿਆਰਥੀਆਂ ਵਿੱਚ ਚਰਚਾ ਰਹੀ ਕਿ ਚੋਣਾਂ ਜਿੱਤਣ ਲਈ ਠੰਢਾ, ਚਾਕਲੇਟਾਂ, ਪੀਜ਼ੇ ਅਤੇ ਹੋਰ ਮੁਫ਼ਤ ਸਮਾਨ ਵੰਡਿਆ ਗਿਆ। ਕਲਾਸਾਂ ਵਿੱਚ ਚੋਣ ਪ੍ਰਚਾਰ ਹੋਣ ਕਾਰਨ ਪੜ੍ਹਾਈ ਦਾ ਵੀ ਨੁਕਸਾਨ ਹੋਇਆ। -ਪੀਟੀਆਈ

