DSGMC: ਲੰਗਰ ਵਾਲੀਆਂ ਮਸ਼ੀਨਾਂ ਲਈ ਕਰੋੜ ਰੁਪਏ ਦਾਨ
ਸਮਾਜ ਸੇਵੀ ਸੁਰਿੰਦਰਪਾਲ ਸਲੂਜਾ ਨੇ ਦਿੱਲੀ ਕਮੇਟੀ ਦੇ ਆਗੂਆਂ ਚੈੱਕ ਸੌਂਪਿਆ
ਦਿੱਲੀ ਦੇ ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਦੀ ਰਸੋਈ ’ਚ ਲੰਗਰ ਬਣਾਉਣ ਵਾਲੀਆਂ ਨਵੀਆਂ ਮਸ਼ੀਨਾਂ ਲਈ ਉੱਘੇ ਸਮਾਜ ਸੇਵੀ ਸੁਰਿੰਦਰਪਾਲ ਸਿੰਘ ਸਲੂਜਾ ਤੇ ਉਨ੍ਹਾਂ ਦੇ ਪਰਿਵਾਰ ਨੇ ਇਕ ਕਰੋੜ ਰੁਪਏ ਦਾ ਚੈੱਕ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ। ਸ੍ਰੀ ਸਲੂਜਾ ਤੇ ਪਰਿਵਾਰ ਨੇ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੂੰ ਇਹ ਚੈੱਕ ਸੌਂਪਿਆ। ਇਸ ਮੌਕੇ ਕਾਲਕਾ ਤੇ ਕਾਹਲੋਂ ਦੀ ਅਗਵਾਈ ਹੇਠ ਕਮੇਟੀ ਦੀ ਟੀਮ ਵੱਲੋਂ ਸਲੂਜਾ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਚੇਅਰਮੈਨ ਭੁਪਿੰਦਰ ਸਿੰਘ ਭੁੱਲਰ ਵੀ ਹਾਜ਼ਰ ਸਨ। ਕਾਹਲੋਂ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਲੂਜਾ ਪਰਿਵਾਰ ਨੇ ਇੰਨੀ ਵੱਡੀ ਰਾਸ਼ੀ ਦਾ ਚੈੱਕ ਕਮੇਟੀ ਨੂੰ ਸੌਂਪਿਆ ਹੈ ਜਿਸ ਵਾਸਤੇ ਉਹ ਸਲੂਜਾ ਪਰਿਵਾਰ ਦੇ ਧੰਨਵਾਦੀ ਹਨ।
ਉਨ੍ਹਾਂ ਕਿਹਾ ਕਿ ਦਿੱਲੀ ਸਮੇਤ ਸਮੁੱਚੀ ਦੁਨੀਆਂ ਵਿਚ ਬੈਠੀ ਸੰਗਤ ਵੇਖ ਰਹੀ ਹੈ ਕਿ ਕਿਵੇਂ ਕਮੇਟੀ ਦੀ ਮੌਜੂਦਾ ਟੀਮ ਨੇ ਨਾ ਸਿਰਫ ਗੁਰਦੁਆਰਾ ਪ੍ਰਬੰਧਾਂ ਵਿਚ ਪਾਰਦਰਸ਼ਤਾ ਲਿਆਂਦੀ ਹੈ ਬਲਕਿ ਮੈਡੀਕਲ ਤੇ ਸਿੱਖਿਆ ਦੇ ਖੇਤਰ ਵਿਚ ਸੇਵਾਵਾਂ ਦਾ ਲਾਮਿਸਾਲ ਵਿਸਥਾਰ ਕੀਤਾ ਹੈ। ਅੱਜ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਮੈਡੀਕਲ ਸੇਵਾਵਾਂ ਤਹਿਤ ਲੋਕਾਂ ਨੂੰ ਸਿਰਫ 50 ਰੁਪਏ ਵਿਚ ਐਮ ਆਰ ਆਈ ਤੇ ਸੀ ਟੀ ਸਕੈਨ ਦੀ ਸਹੂਲਤ, ਸਿਰਫ 7 ਹਜ਼ਾਰ ਰੁਪਏ ਵਿਚ ਪੈਟ ਸਕੈਨ ਦੀ ਸਹੂਲਤ, ਬਾਲਾ ਸਾਹਿਬ ਹਸਪਤਾਲ ਵਿਚ ਡਾਇਲਸਿਸ ਮੁਫਤ ਕਰਵਾਉਣ ਦੀ ਸਹੂਲਤ, ਬਾਲਾ ਸਾਹਿਬ ਹਸਪਤਾਲ ਵਿਚ ਵੱਖ-ਵੱਖ ਬਿਮਾਰੀਆਂ ਦੇ ਇਲਾਜ ਵਾਸਤੇ ਚੰਗੇ ਮਾਹਿਰ ਡਾਕਟਰਾਂ ਵੱਲੋਂ ਇਲਾਜ ਦੀ ਸਹੂਲਤ ਅਤੇ ਬਾਲਾ ਪ੍ਰੀਤਮ ਦਵਾਖਾਨਿਆਂ ਰਾਹੀਂ ਬਜ਼ਾਰ ਨਾਲੋਂ 10 ਤੋਂ 90 ਫੀਸਦੀ ਸਸਤੀਆਂ ਦਵਾਈਆਂ ਦੀ ਸਹੂਲਤ ਮਿਲ ਰਹੀ ਹੈ।

