DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਨਸ਼ਾ ਕੁਝ ਸਮੇਂ ਲਈ ਤੁਹਾਨੂੰ High ਕਰਦਾ ਹੈ; ਪਰ ਜ਼ਿੰਦਗੀ ਨੂੰ Low ਕਰ ਦਿੰਦਾ ਹੈ: PM ਮੋਦੀ

ਨਸ਼ਾ ਛੱਡ ਕੇ ਬਾਹਰ ਆਉਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨੇ ਯੋਧਾ ਦੱਸਦਿਆਂ ਸਮਾਜ ਨੂੰ ਉਨ੍ਹਾਂ ਦਾ ਸਤਿਕਾਰ ਕਰਨ ਦੀ ਕੀਤੀ ਅਪੀਲ।

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ' ਦੀ ਸ਼ੁਰੂਆਤ ਕੀਤੀ। ਫੋਟੋ: ਪੀ.ਐੱਮ. ਮੋਦੀ/ਵਾਈ.ਟੀ.
Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਦੇਸ਼ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਖਾਣ ਲਈ ਕਿਹਾ ਅਤੇ ਆਖਿਆ ਕਿ ਨਸ਼ੇ ਕੁਝ ਸਮੇਂ ਲਈ 'ਹਾਈ' (ਉਤਸ਼ਾਹ) ਦੇ ਸਕਦੇ ਹਨ, ਪਰ ਇਹ ਪੂਰੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨੂੰ 'ਲੋ' (ਕਮਜ਼ੋਰ ਜਾਂ ਬਰਬਾਦ) ਕਰ ਦਿੰਦੇ ਹਨ।

'ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ' ਦੀ ਸ਼ੁਰੂਆਤ ਕਰਦਿਆਂ, ਮੋਦੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦਾ ਮਾਨਸਿਕ ਅਤੇ ਸਰੀਰਕ ਤੌਰ 'ਤੇ ਫਿੱਟ ਹੋਣਾ ਬਹੁਤ ਜ਼ਰੂਰੀ ਹੈ, ਜਿਸ ਲਈ ਉਨ੍ਹਾਂ ਦਾ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣ ਦੇਸ਼ ਆਪਣੀਆਂ ਅਤਿਵਾਦੀ ਯੋਜਨਾਵਾਂ ਦੇ ਹਿੱਸੇ ਵਜੋਂ ਨਸ਼ਿਆਂ ਦੀ ਸਪਲਾਈ ਦੀ ਵਰਤੋਂ ਕਰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ "ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।"

Advertisement

ਨਸ਼ੇੜੀਆਂ ਦੇ ਆਲੇ-ਦੁਆਲੇ ਦੇ ਸਮਾਜਿਕ ਡਰ ਜਾਂ ਝਿਜਕ 'ਤੇ ਸਵਾਲ ਉਠਾਉਂਦਿਆਂ, ਮੋਦੀ ਨੇ ਕਿਹਾ ਕਿ ਜਿਹੜੇ ਲੋਕ ਨਸ਼ਾ ਛੱਡ ਕੇ ਬਾਹਰ ਆਉਂਦੇ ਹਨ, ਉਹ ਯੋਧਾ ਹਨ ਅਤੇ ਸਮਾਜ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ। "ਸਮਾਜ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਉਨ੍ਹਾਂ ਨੂੰ ਗਲੇ ਲਗਾਉਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਦੂਜਾ ਮੌਕਾ ਦੇਣਾ ਚਾਹੀਦਾ ਹੈ," ਉਨ੍ਹਾਂ ਕਿਹਾ।

Advertisement

ਪ੍ਰਧਾਨ ਮੰਤਰੀ ਨੇ ਜੈੱਨ-ਜ਼ੀ (Gen-Z) ਦੇ ਨੁਮਾਇੰਦਿਆਂ ਵਜੋਂ ਜਾਣੇ ਜਾਂਦੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਮੌਜੂਦਗੀ ਵਿੱਚ ਵਰਚੁਅਲ ਤਰੀਕੇ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਜਨਤਕ ਪ੍ਰੀਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਦੇ ਵੱਡੇ ਪੱਧਰ 'ਤੇ ਪ੍ਰਦਰਸ਼ਨਾਂ ਤੋਂ ਕੁਝ ਦਿਨ ਬਾਅਦ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ "ਸਾਡਾ ਸੱਭਿਆਚਾਰ ਸਾਨੂੰ ਸਿਖਾਉਂਦਾ ਹੈ ਕਿ ਸਮਾਜ, ਯੋਗ ਅਤੇ ਧਿਆਨ ਦੇ ਸਹਿਯੋਗ ਨਾਲ ਨਸ਼ੇ ਨੂੰ ਦੂਰ ਕੀਤਾ ਜਾ ਸਕਦਾ ਹੈ।" ਪ੍ਰਧਾਨ ਮੰਤਰੀ ਨੇ ਕਿਹਾ ਕਿ 'ਨਸ਼ਾ ਮੁਕਤ ਯੁਵਾ' ਮੁਹਿੰਮ ਵਿਅਕਤੀ, ਪਰਿਵਾਰ, ਸਮਾਜ ਅਤੇ ਸਭ ਤੋਂ ਮਹੱਤਵਪੂਰਨ ਤੌਰ 'ਤੇ ਕੌਮ ਲਈ ਇੱਕ ਸੰਕਲਪ ਹੈ ਅਤੇ ਇਸ ਪਹਿਲਕਦਮੀ ਦਾ ਨਾਮ ਹੀ ਇਸ ਦੇ ਉਦੇਸ਼ ਨੂੰ ਦਰਸਾਉਂਦਾ ਹੈ।

"ਜਦੋਂ ਦੇਸ਼ ਨੇ ਇੱਕ ਵਿਕਸਿਤ ਭਾਰਤ ਬਣਾਉਣ ਦਾ ਟੀਚਾ ਮਿੱਥਿਆ ਹੈ, ਤਾਂ ਇਹ ਜ਼ਰੂਰੀ ਹੈ ਕਿ ਨੌਜਵਾਨ ਸਰੀਰਕ ਅਤੇ ਮਾਨਸਿਕ ਤੌਰ 'ਤੇ ਸਿਹਤਮੰਦ ਅਤੇ ਸਵੈ-ਵਿਸ਼ਵਾਸ ਨਾਲ ਭਰਪੂਰ ਰਹਿਣ ਲਈ ਨੁਕਸਾਨਦੇਹ ਨਸ਼ਿਆਂ ਤੋਂ ਦੂਰ ਰਹਿਣ," ਮੋਦੀ ਨੇ ਕਿਹਾ। "ਇਸ ਮੁਹਿੰਮ ਦਾ ਉਦੇਸ਼ ਇਹੀ ਹੈ," ਉਨ੍ਹਾਂ ਨੇ ਸਾਰਿਆਂ ਨੂੰ ਇਹ ਯਕੀਨੀ ਬਣਾਉਣ ਲਈ ਪ੍ਰਣ ਲੈਣ ਦੀ ਅਪੀਲ ਕੀਤੀ ਕਿ ਨੌਜਵਾਨ ਨਸ਼ੇ ਦੀ ਲਤ ਦੇ ਖ਼ਤਰਿਆਂ ਨੂੰ ਸਮਝਣ ਅਤੇ ਹਰ ਸੰਭਵ ਤਰੀਕੇ ਨਾਲ ਸੁਚੇਤ ਅਤੇ ਚੌਕਸ ਰਹਿਣ। "ਅੱਜ ਤੋਂ ਦੇਸ਼ ਭਰ ਵਿੱਚ ਨਸ਼ਾ ਮੁਕਤ ਯੁਵਾ ਅਭਿਆਨ ਸ਼ੁਰੂ ਕੀਤਾ ਜਾ ਰਿਹਾ ਹੈ। ਜਦੋਂ ਇਹ ਇੱਕ ਸਮੂਹਿਕ ਮੁਹਿੰਮ ਬਣ ਜਾਂਦੀ ਹੈ, ਤਾਂ ਉਹ ਲੋਕ ਵੀ ਜਿਹੜੇ ਆਪਣੇ ਤੌਰ 'ਤੇ ਕੁਝ ਕਰਨ ਦੇ ਸਮਰੱਥ ਨਹੀਂ ਹਨ, ਉਨ੍ਹਾਂ ਨੂੰ ਨਵੀਂ ਊਰਜਾ ਮਿਲੇਗੀ।"

ਮੋਦੀ ਨੇ ਕਿਹਾ "ਅੱਜ ਲਿਆ ਗਿਆ ਸੰਕਲਪ ਆਉਣ ਵਾਲੇ 100 ਹਫ਼ਤਿਆਂ ਤੱਕ ਇਸੇ ਤਰ੍ਹਾਂ ਅੱਗੇ ਵਧੇਗਾ। ਹਰ ਐਤਵਾਰ ਨੂੰ ਕਲਾ, ਸੱਭਿਆਚਾਰ, ਖੇਡਾਂ, ਧਿਆਨ, ਅਧਿਆਤਮਿਕਤਾ ਅਤੇ ਸੇਵਾ ਨਾਲ ਜੁੜੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਨਸ਼ਾ ਛੁਡਾਉਣ ਦਾ ਸੁਨੇਹਾ ਨਵੇਂ ਲੋਕਾਂ ਤੱਕ ਪਹੁੰਚੇਗਾ।" ਉਨ੍ਹਾਂ ਅੱਗੇ ਕਿਹਾ "ਆਉਣ ਵਾਲੇ 100 ਐਤਵਾਰ ਨਸ਼ਾ ਮੁਕਤ ਭਾਰਤ ਵੱਲ 100 ਮਜ਼ਬੂਤ ਕਦਮ ਹੋਣਗੇ।"

ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਨਸ਼ਾ ਨਾ ਸਿਰਫ਼ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ, ਸਗੋਂ ਇਹ ਮਾਂ ਦੀ ਮੁਸਕਾਨ ਖੋਹ ਲੈਂਦਾ ਹੈ, ਪਿਤਾ ਦੇ ਸੁਪਨਿਆਂ ਨੂੰ ਤੋੜ ਦਿੰਦਾ ਹੈ, ਭੈਣ ਦੀ ਉਮੀਦ ਨੂੰ ਕਮਜ਼ੋਰ ਕਰਦਾ ਹੈ ਅਤੇ ਛੋਟੇ ਭਰਾ ਦੀ ਇੱਜ਼ਤ ਖੋਹ ਲੈਂਦਾ ਹੈ। "ਪਰਿਵਾਰਕ ਮੈਂਬਰ ਹਰ ਰੋਜ਼ ਇਸ ਦਰਦ ਨਾਲ ਜਿਉਂਦੇ ਹਨ ਅਤੇ ਆਪਣੇ ਬੱਚਿਆਂ ਨੂੰ ਆਪਣੀਆਂ ਅੱਖਾਂ ਸਾਹਮਣੇ ਹੌਲੀ-ਹੌਲੀ ਖਤਮ ਹੁੰਦੇ ਦੇਖਦੇ ਹਨ," ਉਨ੍ਹਾਂ ਕਿਹਾ।

ਮੋਦੀ ਨੇ ਇਹ ਵੀ ਕਿਹਾ ਕਿ ਸਰਕਾਰ ਨਸ਼ਿਆਂ ਵਿਰੁੱਧ ਇਸ ਮੁਹਿੰਮ ਵਿੱਚ ਨੌਜਵਾਨਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ। "ਦੇਸ਼ ਭਰ ਵਿੱਚ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਦੇ ਮੁਕਾਬਲੇ ਗ੍ਰਿਫ਼ਤਾਰੀਆਂ ਕਈ ਗੁਣਾ ਵਧ ਗਈਆਂ ਹਨ ਅਤੇ ਹਜ਼ਾਰਾਂ ਕਰੋੜ ਰੁਪਏ ਦੇ ਨਸ਼ੇ ਜ਼ਬਤ ਕੀਤੇ ਗਏ ਹਨ। ਇਹ ਦਰਸਾਉਂਦਾ ਹੈ ਕਿ ਸਾਡੀ ਸਰਕਾਰ ਨਸ਼ਿਆਂ ਵਿਰੁੱਧ ਕਿੰਨੀ ਮਜ਼ਬੂਤੀ ਨਾਲ ਕਾਰਵਾਈ ਕਰ ਰਹੀ ਹੈ।

ਉਨ੍ਹਾਂ ਪਰਿਵਾਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸਮਾਜਿਕ ਪ੍ਰਤਿਸ਼ਠਾ ਦੀ ਚਿੰਤਾ ਕਾਰਨ ਆਪਣੇ ਬੱਚਿਆਂ ਦੀ ਨਸ਼ੇ ਦੀ ਲਤ ਨੂੰ ਨਾ ਲੁਕਾਉਣ, ਸਗੋਂ ਉਨ੍ਹਾਂ ਨਾਲ ਖੁੱਲ੍ਹ ਕੇ ਗੱਲਬਾਤ ਕਰਨ ਅਤੇ ਨਸ਼ੇ ਤੋਂ ਛੁਟਕਾਰਾ ਪਾਉਣ ਲਈ ਮਾਹਿਰਾਂ ਅਤੇ ਡਾਕਟਰੀ ਮਦਦ ਲੈਣ। 'ਨਸ਼ਾ ਮੁਕਤ ਯੁਵਾ ਫਾਰ ਵਿਕਸਿਤ ਭਾਰਤ ਸੰਕਲਪ ਅਭਿਆਨ' ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨਾ ਅਤੇ ਉਨ੍ਹਾਂ ਨੂੰ ਆਪਣੇ ਭਾਈਚਾਰਿਆਂ ਵਿੱਚ ਸਕਾਰਾਤਮਕ ਸਮਾਜਿਕ ਤਬਦੀਲੀ ਦੇ ਰਾਜਦੂਤ ਬਣਨ ਲਈ ਉਤਸ਼ਾਹਿਤ ਕਰਨਾ ਹੈ।

ਇਸ ਸ਼ੁਰੂਆਤ ਨਾਲ 100 ਹਫ਼ਤਿਆਂ ਦੀ ਦੇਸ਼ ਵਿਆਪੀ 'ਜਨ ਭਾਗੀਦਾਰੀ' ਮੁਹਿੰਮ ਦੀ ਸ਼ੁਰੂਆਤ ਹੋਈ, ਜਿਸ ਦੇ ਤਹਿਤ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਜਾਗਰੂਕਤਾ ਅਤੇ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਭਰ ਵਿੱਚ ਹਰ ਐਤਵਾਰ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਇਨ੍ਹਾਂ ਗਤੀਵਿਧੀਆਂ ਵਿੱਚ ਖੇਡ ਸਮਾਗਮ, ਵਾਕਾਥਨ, ਧਿਆਨ ਸੈਸ਼ਨ, ਸੱਭਿਆਚਾਰਕ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ, ਨੁੱਕੜ ਨਾਟਕ, ਵਿਚਾਰ ਵਟਾਂਦਰੇ, ਕਲਾ ਮੁਕਾਬਲੇ ਅਤੇ ਭਾਈਚਾਰਕ ਸ਼ਮੂਲੀਅਤ ਦੇ ਪ੍ਰੋਗਰਾਮ ਸ਼ਾਮਲ ਹੋਣਗੇ। ਯੁਵਾ ਮਾਮਲੇ ਅਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁਰੂਆਤੀ ਮੌਕੇ 'ਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ 'ਨਸ਼ਾ ਮੁਕਤ ਭਾਰਤ' ਦੇ ਵਿਜ਼ਨ ਦੇ ਅਨੁਸਾਰ 'ਨਸ਼ਾ ਮੁਕਤ ਭਾਰਤ ਅਭਿਆਨ' ਸਾਲ 2020 ਵਿੱਚ ਸ਼ੁਰੂ ਕੀਤਾ ਗਿਆ ਸੀ।

Advertisement
×