
ਇੰਡੀਆ ਗੇਟ ਕੋਲ ਪੈਂਦੇ ਮੀਂਹ ਵਿੱਚ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਲੋਕ। -ਫੋਟੋ: ਪੀਟੀਆਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 18 ਮਾਰਚ
ਕੌਮੀ ਰਾਜਧਾਨੀ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਹਲਕਾ ਮੀਂਹ ਪਿਆ, ਜਿਸ ਨਾਲ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉਧਰ ਅਸਮਾਨੀ ਬਿਜਲੀ ਚਮਕਣ ਤੇ ਮੀਂਹ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਖਿੱਤੇ ਵਿੱਚ ਕਣਕ ਦੀ ਫਸਲ ਪੱਕਣ ਕਿਨਾਰੇ ਖੜ੍ਹੀ ਹੈ। ਆਈਐੱਮਡੀ ਨੇ ਚਿਤਾਵਨੀ ਦਿੱਤੀ ਹੈ ਕਿ ਤੇਜ਼ ਹਵਾਵਾਂ ਅਤੇ ਗੜੇਮਾਰੀ ਪੌਦਿਆਂ, ਬਾਗਬਾਨੀ ਅਤੇ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਸ਼ਹਿਰ ਵਿੱਚ ਹੋਰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਆਈਐੱਮਡੀ ਅਨੁਸਾਰ ਦਿੱਲੀ ਵਿੱਚ ਅੱਜ ਸਵੇਰੇ ਘੱਟੋ ਘੱਟ ਤਾਪਮਾਨ 18.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਦੋ ਡਿਗਰੀ ਵੱਧ ਹੈ। ਵਿਭਾਗ ਨੇ ਕਿਹਾ ਕਿ ਦਿੱਲੀ ਦੇ ਪੂਰਬੀ ਅਤੇ ਉੱਤਰੀ ਹਿੱਸਿਆਂ ’ਚ ਸਵੇਰੇ ਅਤੇ ਬਾਅਦ ਦੁਪਹਿਰ ਮੀਂਹ ਪਿਆ। ਆਈਐੱਮਡੀ ਨੇ ਕਿਹਾ ਕਿ ਉੱਤਰ-ਪੂਰਬੀ ਦਿੱਲੀ (ਕਰਾਵਲ ਨਗਰ, ਦਿਲਸ਼ਾਦ ਗਾਰਡਨ ਅਤੇ ਸੀਮਾਪੁਰੀ) ਅਤੇ ਆਸ-ਪਾਸ ਦੇ ਖੇਤਰਾਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਅਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਬੁਰਾੜੀ, ਸਿਵਲ ਲਾਈਨਜ਼, ਕਸ਼ਮੀਰੀ ਗੇਟ, ਦਿੱਲੀ ਯੂਨੀਵਰਸਿਟੀ ਅਤੇ ਨੋਇਡਾ ਤੇ ਆਸਪਾਸ ਦੇ ਇਲਾਕਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ। ਆਈਐੱਮਡੀ ਨੇ ਕਿਹਾ ਕਿ ਸ਼ਨਿਚਰਵਾਰ ਨੂੰ ਦਿੱਲੀ ਦੇ ਬੁਰਾੜੀ, ਰੋਹਿਣੀ, ਬਾਦਲੀ, ਮਾਡਲ ਟਾਊਨ, ਆਜ਼ਾਦਪੁਰ, ਪੀਤਮਪੁਰਾ, ਦਿੱਲੀ ਯੂਨੀਵਰਸਿਟੀ, ਮੁੰਡਕਾ, ਪੱਛਮੀ ਵਿਹਾਰ, ਪੰਜਾਬੀ ਬਾਗ, ਰਾਜੌਰੀ ਗਾਰਡਨ, ਪਟੇਲ ਨਗਰ, ਬੁੱਧ ਜੈਅੰਤੀ ਪਾਰਕ, ਜਾਫਰਪੁਰ ਕਲਾਂ, ਨਜਫਗੜ੍ਹ, ਦਵਾਰਕਾ, ਪਾਲਮ, ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ।
ਅੰਕੜਿਆਂ ਅਨੁਸਾਰ ਦਿੱਲੀ ਵਿੱਚ ਅੱਜ ਸਵੇਰੇ 8 ਵਜੇ ਓਵਰਆਲ ਏਅਰ ਕੁਆਲਿਟੀ ਇੰਡੈਕਸ (ਏਕਿਊ) 231 ਦਾ ਦਰਜ ਕੀਤਾ ਗਿਆ, ਜੋ ‘ਮਾੜੀ’ ਸ਼੍ਰੇਣੀ ਵਿੱਚ ਆਉਂਦਾ ਹੈ। ਜ਼ਿਕਰਯੋਗ ਹੈ ਕਿ 0 ਤੋਂ 50 ਦੇ ਵਿਚਕਾਰ ਏਕਿਊ ਨੂੰ ‘ਚੰਗਾ’, 51 ਤੋਂ 100 ਵਿਚਾਲੇ ‘ਤਸੱਲੀਬਖਸ਼’, 101 ਤੋਂ 200 ਵਿਚਾਲੇ ‘ਦਰਮਿਆਨਾ’, 201 ਤੋਂ 300 ਵਿਚਾਲੇ ‘ਮਾੜਾ’, 301 ਤੋਂ 400 ਵਿਚਾਲੇ ‘ਬਹੁਤ ਮਾੜਾ’ ਅਤੇ 401 ਤੋਂ 500 ਵਿਚਾਲੇ ਏਕਿਊ ਨੂੰ ‘ਗੰਭੀਰ’ ਮੰਨਿਆ ਜਾਂਦਾ ਹੈ।
ਆਈਐੱਮਡੀ ਅਨੁਸਾਰ ਅੱਜ ਸਵੇਰੇ ਦਿੱਲੀ ਵਿੱਚ 89 ਪ੍ਰਤੀਸ਼ਤ ਨਮੀ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਦਿੱਲੀ ’ਚ ਘੱਟੋ-ਘੱਟ ਤਾਪਮਾਨ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜੋ ਕਿ ਆਮ ਨਾਲੋਂ ਇਕ ਡਿਗਰੀ ਵੱਧ ਹੈ। ਇਸ ਦੇ ਨਾਲ ਹੀ ਵੱਧ ਤੋਂ ਵੱਧ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ