Mobile App ਰਾਹੀਂ E-Rickshaw ਬੰਦ ਹੋਣ ਕਾਰਨ ਚਾਲਕ ਪ੍ਰੇਸ਼ਾਨ
ਭੀਡ਼ ਵਾਲੇ ਰਸਤਿਆਂ ਉੱਤੇ ਹਾਦਸਿਆਂ ਦਾ ਖਦਸ਼ਾ; ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਮਗਰੋਂ ਪ੍ਰਸ਼ਾਸਨ ਸਖ਼ਤ; ਲੀਥੀਅਮ-ਆਇਨ ਬੈਟਰੀਆਂ ਦੀਆਂ ਸੁਰੱਖਿਆ ਖਾਮੀਆਂ ਦਾ ਚੁੱਕਿਆ ਜਾ ਰਿਹਾ ਫਾਇਦਾ
ਦਿੱਲੀ ਦੇ ਭੀੜ-ਭੜੱਕੇ ਵਾਲੇ ਮੈਟਰੋ ਰੂਟਾਂ ’ਤੇ ਚੱਲਣ ਵਾਲੇ ਈ-ਰਿਕਸ਼ਾ ਚਾਲਕਾਂ ਨੂੰ ਇਨ੍ਹੀਂ ਦਿਨੀਂ ਨਵੀਂ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਸਮਾਰਟਫੋਨ ਐਪ ਰਾਹੀਂ ਸੜਕ ’ਤੇ ਚੱਲਦੇ ਈ-ਰਿਕਸ਼ੇ ਅਚਾਨਕ ਬੰਦ ਕੀਤੇ ਜਾ ਰਹੇ ਹਨ। ਇਸ ਕਾਰਨ ਚਾਲਕ ਅਤੇ ਸਵਾਰੀਆਂ ਆਵਾਜਾਈ ਵਿਚਾਲੇ ਫਸ ਜਾਂਦੀਆਂ ਹਨ ਅਤੇ ਜਾਨਲੇਵਾ ਹਾਦਸਿਆਂ ਦਾ ਖ਼ਤਰਾ ਪੈਦਾ ਹੁੰਦਾ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਵੀਡੀਓਜ਼ ਵਿੱਚ ਨਜ਼ਰ ਆ ਰਿਹਾ ਹੈ ਕਿ ਕੁਝ ਲੋਕ ਚੀਨੀ ਬਲੂਟੁੱਥ ਐਪ ਰਾਹੀਂ ਲੀਥੀਅਮ-ਆਇਨ ਬੈਟਰੀ ਵਾਲੇ ਈ-ਰਿਕਸ਼ਿਆਂ ਨੂੰ ਰਿਮੋਟ ਰਾਹੀਂ ਬੰਦ ਕਰ ਦਿੰਦੇ ਹਨ। ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਮਗਰੋਂ ਦਿੱਲੀ ਸਰਕਾਰ ਨੇ ਟਰਾਂਸਪੋਰਟ ਵਿਭਾਗ ਨੂੰ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਤਕਨੀਕੀ ਮਾਹਿਰਾਂ ਅਨੁਸਾਰ ਈ-ਰਿਕਸ਼ਿਆਂ ਵਿੱਚ ਵਰਤੀਆਂ ਜਾਂਦੀਆਂ ਕੁਝ ਆਧੁਨਿਕ ਲੀਥੀਅਮ-ਆਇਨ ਬੈਟਰੀਆਂ ਬਲੂਟੁੱਥ ਆਧਾਰਿਤ ਬੈਟਰੀ ਮੈਨੇਜਮੈਂਟ ਸਿਸਟਮ (ਬੀ ਐੱਮ ਐੱਸ) ਨਾਲ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਰਾਹੀਂ ਮੋਬਾਈਲ ਐਪ ’ਤੇ ਬੈਟਰੀ ਦੀ ਸਥਿਤੀ ਦੇਖੀ ਜਾ ਸਕਦੀ ਹੈ। ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪ੍ਰਣਾਲੀਆਂ ਵਿੱਚ ਪੁਖਤਾ ਸੁਰੱਖਿਆ ਪ੍ਰਬੰਧ ਨਹੀਂ ਹਨ ਜਿਸ ਕਾਰਨ ਬਲੂਟੁੱਥ ਦੀ ਰੇਂਜ ਵਿੱਚ ਆਉਣ ਵਾਲਾ ਕੋਈ ਵੀ ਵਿਅਕਤੀ ਬੈਟਰੀ ਨਾਲ ਜੁੜ ਕੇ ਇਸ ਨੂੰ ਬੰਦ ਕਰ ਸਕਦਾ ਹੈ। ਹਾਲਾਂਕਿ ਪੁਰਾਣੀਆਂ ਲੈੱਡ-ਐਸਿਡ ਬੈਟਰੀਆਂ ਵਾਲੇ ਈ-ਰਿਕਸ਼ੇ ਇਸ ਤਕਨੀਕੀ ਖ਼ਾਮੀ ਤੋਂ ਸੁਰੱਖਿਅਤ ਹਨ। ਕੁਝ ਸ਼ਰਾਰਤੀ ਅਨਸਰ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਸੜਕ ਉੱਤੇ ਚੱਲਦੇ ਜਾਂ ਖੜ੍ਹੇ ਈ-ਰਿਕਸ਼ਿਆਂ ਨੂੰ ਬੰਦ ਕਰਕੇ ਵੀਡੀਓ ਬਣਾ ਰਹੇ ਹਨ ਜਿਸ ਦੀ ਸੋਸ਼ਲ ਮੀਡੀਆ ’ਤੇ ਸਖ਼ਤ ਆਲੋਚਨਾ ਹੋ ਰਹੀ ਹੈ।
ਪੰਜਾਬੀ ਬਾਗ ਅਤੇ ਪੀਰਾਗੜ੍ਹੀ ਵਿਚਕਾਰ ਈ-ਰਿਕਸ਼ਾ ਚਲਾਉਣ ਵਾਲੇ ਸ੍ਰੀ ਰਾਮ ਨੇ ਦੱਸਿਆ ਕਿ ਮੁੱਖ ਸੜਕ ’ਤੇ ਅਚਾਨਕ ਵਾਹਨ ਰੁਕਣ ਨਾਲ ਪਿੱਛੋਂ ਆਉਂਦੀ ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਦਾ ਡਰ ਬਣਿਆ ਰਹਿੰਦਾ ਹੈ। ਪੀਤਮਪੁਰਾ ਖੇਤਰ ਦੇ ਚਾਲਕ ਅੰਕੁਸ਼ ਕੁਮਾਰ ਨੇ ਦੱਸਿਆ ਕਿ ਸ਼ੁਰੂ ਵਿੱਚ ਉਸ ਨੂੰ ਲੱਗਿਆ ਕਿ ਬੈਟਰੀ ਖਰਾਬ ਹੈ ਅਤੇ ਉਸ ਨੇ ਮਕੈਨਿਕ ਕੋਲ ਪੰਜ ਸੌ ਰੁਪਏ ਵੀ ਖਰਚ ਦਿੱਤੇ। ਬਾਅਦ ਵਿੱਚ ਪਤਾ ਲੱਗਿਆ ਕਿ ਇਹ ਸਭ ਚੀਨੀ ਐਪ ਕਾਰਨ ਹੋ ਰਿਹਾ ਹੈ।
ਤਕਨੀਕ ਦੀ ਗ਼ਲਤ ਵਰਤੋਂ ਖ਼ਿਲਾਫ਼ ਸਰਕਾਰ ਸਖ਼ਤ
ਦਿੱਲੀ ਦੇ ਟਰਾਂਸਪੋਰਟ ਮੰਤਰੀ ਪੰਕਜ ਸਿੰਘ ਨੇ ਕਿਹਾ ਕਿ ਈ-ਰਿਕਸ਼ਾ ਬੰਦ ਕਰਨ ਲਈ ਵਰਤੀ ਜਾ ਰਹੀ ਮੋਬਾਈਲ ਐਪਲੀਕੇਸ਼ਨ ਦੇ ਮਾਮਲੇ ਵਿੱਚ ਸਰਕਾਰ ਢੁਕਵੀਂ ਕਾਰਵਾਈ ਕਰੇਗੀ। ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਦਿੱਲੀ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੰਤਰੀ ਨੇ ਦੱਸਿਆ ਕਿ ਇਹ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਨਾਲ ਜੁੜਿਆ ਗੰਭੀਰ ਮਾਮਲਾ ਹੈ। ਟਰਾਂਸਪੋਰਟ ਵਿਭਾਗ ਅਤੇ ਦਿੱਲੀ ਪੁਲੀਸ ਵੱਲੋਂ ਇਸ ਦੀ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਵੱਲੋਂ ਵੀ ਇਸ ਐਪ ਖ਼ਿਲਾਫ਼ ਲੋੜੀਂਦੇ ਕਦਮ ਚੁੱਕੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ।
