ਕੁਲਦੀਪ ਸਿੰਘ
ਨਵੀਂ ਦਿੱਲੀ, 23 ਮਈ
ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਮਹੀਨਾਵਾਰ ਪੁਸਤਕ ਚਰਚਾ ਦੇ ਪ੍ਰੋਗਰਾਮ ‘ਗੋਸ਼ਟੀ’ ਤਹਿਤ ਡਾ. ਰਵੇਲ ਸਿੰਘ ਦੀ ਨਾਟ-ਪੁਸਤਕ ‘ਮਰਜਾਣੀਆਂ’ ਦੇ ਉੱਪਰ ਚਰਚਾ ਕੀਤੀ ਗਈ, ਜਿਸ ਦੇ ਪ੍ਰਮੁੱਖ ਵਕਤਾ ਵਜੋਂ ਉੱਘੇ ਨਾਟਕਕਾਰ ਅਤੇ ਡਾਇਰੈਕਟਰ ਡਾ. ਪਾਲੀ ਭੁਪਿੰਦਰ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੀਵੀ ਵਿਭਾਗ ਤੋਂ ਡਾ. ਜਸਪਾਲ ਕੌਰ ਦਿਉਲ ਨੇ ਹਾਜ਼ਰੀ ਭਰੀ। ਇਸ ਦਾ ਸੰਚਾਲਨ ਦੇਸ਼ ਬੰਧੂ ਕਾਲਜ ਦੇ ਸਹਾਇਕ ਪ੍ਰੋਫੈਸਰ ਡਾ. ਮੁਨੀਸ਼ ਕੁਮਾਰ ਨੇ ਕੀਤਾ। ਆਰੰਭ ’ਚ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਭ ਨੂੰ ਜੀ ਆਇਆਂ ਕਹਿੰਦਿਆਂ ਸਦਨ ਦੀਆਂ ਸਾਹਿਤਕ ਗਤੀਵਿਧੀਆਂ ’ਤੇ ਚਾਨਣਾ ਪਾਇਆ। ਡਾ. ਮੁਨੀਸ਼ ਕੁਮਾਰ ਨੇ ਭਾਰਤੀ ਅਤੇ ਪੰਜਾਬੀ ਥੀਏਟਰ ਬਾਰੇ ਗੱਲ ਕਰਦਿਆਂ ਨਾਟਕ ਮਰਜਾਣੀਆਂ ਅਤੇ ਪ੍ਰਮੁੱਖ ਵਕਤਿਆਂ ਬਾਰੇ ਸੰਖੇਪ ’ਚ ਜਾਣ-ਪਛਾਣ ਕਰਾਈ। ਡਾ. ਪਾਲੀ ਭੁਪਿੰਦਰ ਸਿੰਘ ਨੇ ਡਾ. ਰਵੇਲ ਸਿੰਘ ਦੇ ਪਲੇਠੇ ਨਾਟਕ ਮਰਜਾਣੀਆਂ ਨੂੰ ਸੋਲੋ ਨਾਟਕ ਕਹਿੰਦਿਆਂ ਇਸ ਨੂੰ ਅਜਿਹੀ ਰਚਨਾ ਕਿਹਾ ਜੋ ਸੂਤਰਧਾਰ ਅਤੇ ਨਾਟਕ ’ਚੋਂ ਗੈਰ ਹਾਜ਼ਰ ਪਰ ਅਹਿਸਾਸ ਪੱਧਰ ’ਤੇ ਹਮੇਸ਼ਾ ਹਾਜ਼ਰ ਖਲਨਾਇਕ ਦੇ ਰਾਹੀਂ ਇਸ ਨਾਟਕ ਦਾ ਬਿਰਤਾਂਤ ਘੜਦਾ ਹੈ। ਡਾ. ਪਾਲੀ ਅਨੁਸਾਰ ਸਮਾਜ ਦੇ ਇਸ ਅੱਤ-ਘ੍ਰਿਣਤ ਵਰਤਾਰੇ ਨੂੰ ਨਾਟਕਕਾਰ ਨੇ ਵੀ ਪੂਰੀ ਤਰ੍ਹਾਂ ਢੁਕਵੀਂ ਸ਼ਬਦ-ਸ਼ੈਲੀ ’ਚ ਪ੍ਰਗਟਾਇਆ ਹੈ। ਇਹੋ ਇਸ ਨਾਟਕ ਦੀ ਖਾਸ ਵਿਸ਼ੇਸ਼ਤਾ ਹੈ ਜੋ ਬਲਵੰਤ ਗਾਰਗੀ ਦੇ ਨਾਟਕਾਂ ਤੋਂ ਬਾਅਦ ਸਾਨੂੰ ਇਸ ਨਾਟਕ ’ਚ ਵੇਖਣ ਨੂੰ ਮਿਲੀ ਹੈ। ਮੁੱਖ ਰੂਪ ’ਚ ਇਹ ਬਲਾਤਕਾਰ ਦੇ ਵਿਸ਼ੇ ਤੇ ਡਰ ਕੇ ਲਿਖਿਆ ਹੋਇਆ ਨਾਟਕ ਨਹੀਂ ਹੈ। ਅਖੀਰ ’ਚ ਡਾ. ਮਹਿੰਦਰ ਸਿੰਘ ਨੇ ਸਮੁੱਚੀ ਚਰਚਾ ਨੂੰ ਅਜੋਕੇ ਵਰਜਨਾਵਾਂ ਤੇ ਵਿਸੰਗਤੀਆਂ ਨਾਲ ਭਰੇ ਸਮਾਜਿਕ ਪ੍ਰਸੰਗ ’ਚ ਬਹੁਤ ਸਟੀਕ ਤੇ ਮੁੱਲਵਾਨ ਦੱਸਦਿਆਂ ਇਸ ਆਨਲਾਈਨ ਚਰਚਾ ’ਚ ਸ਼ਾਮਲ ਵਕਤਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ।