
ਦਿੱਲੀ ਵਿੱਚ ਸਮਾਗਮ ਦੌਰਾਨ ਪੁਸਤਕ ਰਿਲੀਜ਼ ਕਰਦੇ ਹੋਏ ਪ੍ਰਬੰਧਕ ਤੇ ਮੁੱਖ ਮਹਿਮਾਨ। -ਫੋਟੋ: ਦਿਓਲ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਫਰਵਰੀ
ਦਿਆਲ ਸਿੰਘ ਕਾਲਜ ਦਿੱਲੀ ਦੇ ਪੰਜਾਬੀ ਵਿਭਾਗ ਵੱਲੋਂ ਸੋਹਿੰਦਰ ਸਿੰਘ ਵਣਜਾਰਾ ਬੇਦੀ ਯਾਦਗਾਰੀ ਸਮਾਗਮ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿਚ ਵਿਭਾਗ ਦੇ ਮੁਖੀ ਡਾ. ਕਮਲ ਜੀਤ ਸਿੰਘ ਨੇ ਕਿਹਾ ਕਿ ਡਾ. ਵਣਜਾਰਾ ਬੇਦੀ ਨੇ ਲੋਕਧਾਰਾ ਦੇ ਖੇਤਰ ਵਿਚ ਲਾਸਾਨੀ ਕੰਮ ਕੀਤਾ ਹੈ ਅਤੇ ਸਾਨੂੰ ਮਾਣ ਹੈ ਕਿ ਉਹ ਇਸ ਕਾਲਜ ਦੇ ਅਧਿਆਪਕ ਰਹੇ ਹਨ। ਇਸ ਪ੍ਰੋਗਰਾਮ ਵਿਚ ਪੋਪਿੰਦਰ ਸਿੰਘ ਪਾਰਸ, ਸੰਪਾਦਕ ਸ਼ੀਰਾਜ਼ਾ ਨੇ ਜੰਮੂ ਤੋਂ ਮੁੱਖ ਵਕਤਾ ਵੱਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਵਿਚ ਲੋਕਧਾਰਾ ਦੀਆਂ ਵੰਨਗੀਆਂ ਅਤੇ ਉੱਥੋਂ ਦੇ ਲੇਖਕਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਾਇਆ। ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਕਈ ਲੇਖਕਾਂ ਦੀਆਂ ਕਿਰਤਾਂ ਬੜੀਆਂ ਹੀ ਲਾਸਾਨੀ ਹਨ ਜਿਨ੍ਹਾਂ ਨੂੰ ਹਰ ਇਕ ਪਾਠਕ ਨੂੰ ਪੜ੍ਹਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਆਪਣੇ ਵਿਰਸੇ ਅਤੇ ਲੋਕਧਾਰਾ ਤੋਂ ਟੁੱਟਦੀ ਜਾ ਰਹੀ ਹੈ, ਜੋ ਕਿ ਚੰਗੀ ਗੱਲ ਨਹੀਂ ਹੈ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ. ਰਵਿੰਦਰ ਸਿੰਘ, ਫੈਲੋ ਆਈ.ਆਈ.ਏ.ਐਸ., ਸ਼ਿਮਲਾ ਨੇ ਕੀਤੀ। ਉਨ੍ਹਾਂ ਕਿਹਾ ਕਿ ਵਰਣਜਾਰਾ ਬੇਦੀ ਜਿਹੀ ਸਿਰੜੀ ਅਤੇ ਕਰਮ-ਯੋਗੀ ਸ਼ਕਸੀਅਤ ਤੋਂ ਹੀ ਸਾਹਿਤਕ ਗਤੀਵਿਧੀਆਂ ਕਰਨ ਦੀ ਪ੍ਰੇਰਨਾ ਮਿਲਦੀ ਹੈ। ਡਾ. ਦਲਜੀਤ ਸਿੰਘ ਨੇ ਵਣਜਾਰਾ ਬੇਦੀ ਨੂੰ ਪੰਜਾਬੀ ਦੀ ਅਹਿਮ ਸ਼ਖ਼ਸੀਅਤ ਦੱਸਿਆ ਕਿ ਉਨ੍ਹਾਂ ਦੇ ਕਾਰਜਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਦਾ ਰੱਖਣ ਲਈ ਇਹ ਸਮਾਗਮ ਵਧੀਆ ਜ਼ਰੀਆ ਆਖਿਆ। ਇਸ ਦੌਰਾਨ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਲਖਵੰਤ ਸਿੰਘ ਨੇ ਕੀਤਾ ਤੇ ਕਿਹਾ ਕਿ ਪੰਜਾਬੀ ਵਿਭਾਗ ਵੱਲੋਂ ਨਵੇਂ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਸਮਾਗਮ ਵਿੱਚ ਪੁਸਤਕ ਸ਼ੀਰਾਜ਼ਾ ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਡਾ. ਹਰਮੀਤ ਕੌਰ, ਡਾ. ਰਤਨਦੀਪ ਕੌਰ, ਡਾ. ਮੀਨਾਕਸ਼ੀ, ਨਵਨੀਤ ਕੌਰ ਸਣੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ