ਦਿੱਲੀ ਦੀਆਂ ਡਬਲ ਡੈਕਰ ਬੱਸਾਂ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਕੌਮੀ ਰਾਜਧਾਨੀ ਦੀਆਂ ਸੜਕਾਂ ’ਤੇ ਮੁੜ ਦੌੜਨ ਲਈ ਤਿਆਰ ਹਨ। ਸਰਕਾਰ ਸੈਲਾਨੀਆਂ ਲਈ ਇੱਕ ਬਿਲਕੁਲ ਨਵੀਂ ਇਲੈਕਟ੍ਰਿਕ ਡਬਲ ਡੈਕਰ ਬੱਸ ਸੇਵਾ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ, ਜੋ ਪ੍ਰਧਾਨ ਮੰਤਰੀ ਸੰਗ੍ਰਹਾਲਿਆ ਤੋਂ ਸ਼ੁਰੂ ਹੋ ਕੇ ਕੌਮੀ ਯੁੱਧ ਸਮਾਰਕ, ਭਾਰਤ ਮੰਡਪਮ, ਨਵਾਂ ਸੰਸਦ ਕੰਪਲੈਕਸ ਅਤੇ ਦਿੱਲੀ ਹਾਟ ਵਰਗੇ ਪ੍ਰਮੁੱਖ ਸਥਾਨਾਂ ਨੂੰ ਕਵਰ ਕਰੇਗੀ। ਰੂਟ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਫ਼ਤਰ ਤੋਂ ਪ੍ਰਵਾਨਗੀ ਮਿਲਣ ਤੱਕ ਸੇਵਾ ਨੂੰ ਇੱਕ ਮਹੀਨੇ ਦੇ ਅੰਦਰ ਹਰੀ ਝੰਡੀ ਦਿਖਾਏ ਜਾਣ ਦੀ ਸੰਭਾਵਨਾ ਹੈ।
ਅਸ਼ੋਕ ਲੇਲੈਂਡ ਵੱਲੋਂ ਬਣਾਈ ਇਹ ਬੱਸ ਸ਼ੁਰੂ ਵਿੱਚ ਟ੍ਰਾਂਸਪੋਰਟ ਵਿਭਾਗ ਨੂੰ ਸੌਂਪੀ ਗਈ ਸੀ ਅਤੇ ਬਾਅਦ ਵਿੱਚ ਸੈਰ-ਸਪਾਟਾ ਵਿਭਾਗ ਨੂੰ ਤਬਦੀਲ ਕਰ ਦਿੱਤੀ ਗਈ।
9.8 ਮੀਟਰ ਲੰਬੀ ਅਤੇ 4.75 ਮੀਟਰ ਉੱਚੀ ਪੂਰੀ ਤਰ੍ਹਾਂ ਇਲੈਕਟ੍ਰਿਕ ਬੱਸ ਵਿੱਚ ਡਰਾਈਵਰ ਸਮੇਤ 63 ਯਾਤਰੀ ਬੈਠ ਸਕਦੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਰਵਿਸ ਵਿਦੇਸ਼ੀ ਅਤੇ ਘਰੇਲੂ ਸੈਲਾਨੀਆਂ ਲਈ ਹੈ, ਜੋ ਲੁਟੀਅਨਜ਼ ਦਿੱਲੀ ਦੀ ਖੁੱਲ੍ਹੀ ਫ਼ਿਜ਼ਾ ਵਿੱਚ ਲੁਤਫ਼ ਉਠਾਉਣਾ ਚਾਹੁੰਦੇ ਹਨ। ਇਹ ਇਲਾਕਾ ਡਬਲ ਡੈਕਰ ਬੱਸਾਂ ਲਈ ਸਹੀ ਹੈ ਕਿਉਂਕਿ ਇੱਥੇ ਹੇਠਾਂ ਲਟਕਦੀਆਂ ਤਾਰਾਂ ਅਤੇ ਸੰਘਣੇ ਰੁੱਖ ਨਹੀਂ ਹੁੰਦੇ।
ਬੱਸ ਵਿੱਚ ਦਿੱਲੀ ਦੀਆਂ ਮਸ਼ਹੂਰ ਥਾਵਾਂ ਦੀਆਂ ਤਸਵੀਰਾਂ ਦਿਖਾਈਆਂ ਜਾਣਗੀਆਂ ਅਤੇ ਇਹ ਮੁੱਖ ਤੌਰ ’ਤੇ ਸ਼ਾਮ ਦੇ ਦੌਰੇ ਦੌਰਾਨ ਕੰਮ ਕਰੇਗੀ, ਜੋ ਸ਼ਾਮ ਛੇ ਵਜੇ ਅਜਾਇਬ ਘਰ ਬੰਦ ਹੋਣ ਮਗਰੋਂ ਸ਼ੁਰੂ ਹੋਵੇਗੀ। ਪਹਿਲਾਂ ਦਿੱਲੀ ਟਰਾਂਸਪੋਰਟ ਕਾਰਪੋਰੇਸ਼ਨ ਤਹਿਤ ਕਈ ਰੂਟ ’ਤੇ ਡਬਲ ਡੈਕਰ ਬੱਸਾਂ ਚੱਲਦੀਆਂ ਸਨ, ਪਰ ਬਾਅਦ ਵਿੱਚ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ ਸੀ।

