ਨਿੱਜੀ ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਸਤੰਬਰ
ਨੈਸ਼ਨਲ ਇੰਸਟੀਟਿਊਟ ਆਫ ਪੰਜਾਬ ਸਟੱਡੀਜ਼ ਅਤੇ ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਸਰਬਪ੍ਰੀਤ ਸਿੰਘ ਦੀ ਪੁਸਤਕ ‘ਦਿ ਸੂਫ਼ੀਜ਼ ਨਾਈਟਿੰਗਗੇਲ’ ’ਤੇ ਚਰਚਾ ਕਰਵਾਈ ਗਈ। ਇਸ ਦੌਰਾਨ ਪੰਜਾਬ ਯੂਨੀਵਰਸਟੀ ਚੰਡੀਗੜ੍ਹ ਤੋਂ ਪ੍ਰੋ. ਈਸ਼ਵਰ ਦਿਆਲ ਗੌੜ ਨੇ ਭਾਸ਼ਣ ਦਿੱਤਾ। ਪ੍ਰੋਗਰਾਮ ਦੀ ਪ੍ਰਧਾਨਗੀ ਗਾਇਕ ਤੇ ਗੀਤਕਾਰ ਡਾ. ਮਦਨ ਗੋਪਾਲ ਸਿੰਘ ਨੇ ਕੀਤੀ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਸਦਨ ਦੀਆਂ ਪ੍ਰਮੁੱਖ ਗਤੀਵਿਧੀਆਂ ਦਾ ਜ਼ਿਕਰ ਕਰਦਿਆਂ ਸਾਰਿਆਂ ਨੂੰ ‘ਜੀ ਆਇਆਂ ਨੂੰ’ ਕਿਹਾ। ਸਦਨ ਦੇ ਡਿਪਟੀ ਡਾਇਰੈਕਟਰ ਡਾ. ਮਨਜੀਤ ਕੌਰ ਭਾਟੀਆ ਨੇ ਪੁਸਤਕ ਅਤੇ ਬੁਲਾਰਿਆਂ ਬਾਰੇ ਸੰਖੇਪ ਪਛਾਣ ਕਰਵਾਈ। ਪ੍ਰੋ. ਗੌੜ ਅਨੁਸਾਰ ਸਾਡੇ ਕੋਲ ਸ਼ਾਹ ਹੁਸੈਨ ਦੀਆਂ ਰਚਨਾਵਾਂ ਅਜਿਹਾ ਆਧਾਰ ਹਨ ਜਿਥੋਂ ਤਵੱਸੁਫ਼, ਰਹੱਸ, ਭਗਤੀ ਤੇ ਸੰਵਾਦੀ ਰਿਸ਼ਤਿਆਂ ਦਾ ਨਿਤਾਰਾ ਹੁੰਦਾ ਹੈ। ਸਰਬਪ੍ਰੀਤ ਸਿੰਘ ਨੇ ਆਪਣੇ ਸਾਹਿਤਕ ਅਨੁਭਵਾਂ ਨੂੰ ਸਰੋਤਿਆਂ ਨਾਲ ਸਾਂਝਾ ਕਰਦਿਆਂ ਉਨ੍ਹਾਂ ਸ਼ਾਹ ਹੁਸੈਨ ਦੀ ਇੱਕ ਕਾਫੀ ‘ਮੰਦੀ ਹਾਂ ਕਿ ਚੰਗੀ ਹਾਂ, ਭੀ ਸਾਹਿਬ ਤੇਰੀ ਬੰਦੀ ਹਾਂ’ ਤਰੰਨੁਮ ’ਚ ਗਾ ਕੇ ਸੁਣਾਈ। ਅਖੀਰ ’ਚ ਡਾ. ਮਦਨ ਗੋਪਾਲ ਸਿੰਘ ਨੇ ਡਾ. ਗੌੜ ਦੇ ਲੈਕਚਰ ਦੀ ਪ੍ਰਸ਼ੰਸਾ ਕਰਦਿਆਂ ਸ਼ਾਲੂ, ਨਫ਼ਸ, ਚੇਤਨਾ, ਇਰਾਦਾ ਆਦਿ ਬਾਰੇ ਮਹੱਤਵਪੂਰਨ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਅਤੇ ਸ਼ਾਹ ਹੁਸੈਨ ਤੇ ਇਸ ਨਾਵਲੀ ਬਣਤਰ ’ਚ ਹੋਏ ਕੰਮ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਦੇ ਅਖ਼ੀਰ ’ਚ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਇਸ ਵਿਚਾਰ-ਚਰਚਾ ਨੂੰ ਮਹੱਤਵਪੂਰਨ ਦੱਸਦਿਆਂ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕੀਤਾ। ਡਾ. ਰਵੇਲ ਸਿੰਘ, ਪ੍ਰਕਾਸ਼ ਕਰਵੀ ਸਿੰਘ, ਡਾ. ਕੁਲਵੀਰ ਗੋਜਰਾ, ਡਾ. ਯਾਦਵਿੰਦਰ ਸਿੰਘ, ਡਾ. ਕੁਲਦੀਪ ਕੌਰ ਪਾਹਵਾ, ਰੰਗਕਰਮੀ ਜਗਤਾਰਜੀਤ ਸਿੰਘ ਆਦਿ ਨੇ ਸ਼ਿਰਕਤ ਕੀਤੀ।