ਦਿੱਲੀ ’ਵਰਸਿਟੀ ’ਚ ਉੱਤਰ-ਸੰਰਚਨਾਵਾਦੀ ਚਿੰਤਕਾਂ ਬਾਰੇ ਚਰਚਾ
ਪੰਜਾਬੀ ਵਿਭਾਗ ਨੇ ‘ਮਹੀਨਾਵਾਰ ਸਾਹਿਤ ਸੰਵਾਦ: ਚਿੰਤਕ ਲੜੀ’ ਤਹਿਤ ਸਮਾਗਮ ਕਰਵਾਇਆ
ਦਿੱਲੀ ਯੂਨੀਵਰਸਿਟੀ, ਦਿੱਲੀ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਜਾਂਦੇ ‘ਮਹੀਨਾਵਾਰ ਸਾਹਿਤ ਸੰਵਾਦ: ਚਿੰਤਕ ਲੜੀ’ ਤਹਿਤ ਇਸ ਮਹੀਨੇ ਉੱਤਰ-ਸੰਰਚਨਾਵਾਦ ਚਿੰਤਕਾਂ; ਰੋਲਾਂ ਬਾਰਤ, ਜੈੱਕ ਦੈਰੀਦਾ ਤੇ ਮਿਸ਼ੇਲ ਫੂਕੋ ਦੇ ਜੀਵਨ ਅਤੇ ਚਿੰਤਨ ਕਾਰਜ ਸਬੰਧੀ ਚਰਚਾ ਕੀਤੀ ਗਈ। ਪ੍ਰੋਗਰਾਮ ਕੋਆਰਡੀਨੇਟਰ ਡਾ. ਸੋਹਨ ਸਿੰਘ ਨੇ ਪੰਜਾਬੀ ਚਿੰਤਨ ਕਾਰਜ ਵਿੱਚ ਦਿੱਲੀ ਸਕੂਲ ਦੀ ਭੂਮਿਕਾ ਨੂੰ ਦਰਸਾਉਂਦਿਆਂ ਵਿਦਿਆਰਥੀ ਜੀਵਨ ਵਿੱਚ ‘ਸਾਹਿਤ ਸੰਵਾਦ’ ਵਰਗੇ ਮੰਚਾਂ ਦੀ ਮਹੱਤਤਾ ਨੂੰ ਉਭਾਰਿਆ ਅਤੇ ਖੋਜ-ਪੱਤਰ ਪੇਸ਼ ਕਰਨ ਵਾਲੇ ਖੋਜਾਰਥੀਆਂ ਨਾਲ ਜਾਣ-ਪਛਾਣ ਕਰਵਾਈ। ਪਹਿਲਾ ਖੋਜ-ਪੱਤਰ ਸੰਦੀਪ ਸ਼ਰਮਾ ਨੇ ਰੋਲਾਂ ਬਾਰਤ ਸਬੰਧੀ ਪੇਸ਼ ਕੀਤਾ। ਉਨ੍ਹਾਂ ਆਪਣੇ ਖੋਜ-ਪੱਤਰ ਵਿੱਚ ਵੱਖ-ਵੱਖ ਕਿਰਤਾਂ ਦੇ ਹਵਾਲੇ ਨਾਲ ਰੋਲਾਂ ਬਾਰਤ ਦੇ ਸੰਕਲਪ ‘ਡੈੱਥ ਆਫ ਆਥਰ’ ਨੂੰ ਸਪਸ਼ਟ ਕਰਨ ਦਾ ਸਾਰਥਕ ਯਤਨ ਕੀਤਾ। ਇਸ ਖੋਜ-ਪੱਤਰ ਦੀ ਪ੍ਰਮੁੱਖ ਵਿਸ਼ੇਸ਼ਤਾ ਇਸ ਦੀ ਭਾਸ਼ਾ ਰਹੀ। ਖੋਜਕਰਤਾ ਨੇ ਆਪਣੇ ਖੋਜ-ਪੱਤਰ ਵਿੱਚ ਆਲੋਚਨਾਤਮਕ ਭਾਸ਼ਾ ਨੂੰ ਕਾਵਿਕ ਮੁਹਾਵਰੇ ਵਿੱਚ ਪੇਸ਼ ਕੀਤਾ।
ਦੂਜੇ ਖੋਜ-ਪੱਤਰ ਵਿੱਚ ਪਵਨਬੀਰ ਸਿੰਘ ਨੇ ਜੈੱਕ ਦੈਰੀਦਾ ਦੀ ਪੁਸਤਕ ‘ਆਫ ਗਰਾਮੋਟਾਲੋਜੀ’ ਦੇ ਹਵਾਲੇ ਨਾਲ ਦਰਸਾਇਆ ਕਿ ਦੈਰੀਦਾ ਨੇ ਆਪਣੇ ਖੋਜ-ਚਿੰਤਨ ਦਾ ਆਰੰਭ ਸੋਸਿਊਰ ਦੇ ਸੰਰਚਨਾਵਾਦ ਤੋਂ ਕਰ ਕੇ ਇਸ ਨੂੰ ਵਿਖੰਡਨਵਾਦ ਤੱਕ ਪਹੁੰਚਾਇਆ। ਇਸੇ ਪ੍ਰਕਾਰ ਤੀਜੇ ਖੋਜ-ਪੱਤਰ ’ਚ ਹਰਕਮਲਪ੍ਰੀਤ ਸਿੰਘ ਨੇ ਮਿਸ਼ੇਲ ਫੂਕੋ ਵੱਲੋਂ ਦਰਸਾਏ ‘ਸ਼ਕਤੀ’ ਦੇ ਸੰਕਲਪ ਰਾਹੀਂ ਇਹ ਸਿੱਧ ਕਰਨ ਦਾ ਯਤਨ ਕੀਤਾ ਕਿ ਸ਼ਕਤੀ ਕਿਵੇਂ ਅਰਥਾਂ ਦੇ ਨਿਰਧਾਰਣ ਵਿੱਚ ਆਪਣੀ ਮੋਹਰੀ ਭੂਮਿਕਾ ਨਿਭਾਉਂਦੀ ਹੈ। ਪ੍ਰੋਗਰਾਮ ਦੇ ਅੰਤ ਵਿੱਚ ਵਿਭਾਗ ਮੁਖੀ ਪ੍ਰੋਫੈਸਰ ਕੁਲਵੀਰ ਗੋਜਰਾ ਨੇ ਤਿੰਨਾਂ ਹੀ ਖੋਜ-ਪੱਤਰਾਂ ’ਤੇ ਸਾਕਾਰਤਮਕ ਟਿੱਪਣੀਆਂ ਕਰਦਿਆਂ ਖੋਜ-ਪੱਤਰ ਪੇਸ਼ ਕਰਨ ਵਾਲੇ ਅਤੇ ਹਾਜ਼ਰ ਸ਼ਰੋਤਿਆਂ ਦਾ ਧੰਨਵਾਦ ਕੀਤਾ। ਵਿਭਾਗ ਵੱਲੋਂ ਖੋਜ-ਪੱਤਰ ਪੜ੍ਹਨ ਵਾਲੇ ਖੋਜਾਰਥੀਆਂ ਨੂੰ ਸਨਮਾਨਿਆ ਵੀ ਗਿਆ। ਇਸ ਮੌਕੇ ਵਿਦਿਆਰਥੀਆਂ ਸਣੇ ਪ੍ਰੋ. ਰਵਿੰਦਰ ਕੁਮਾਰ, ਪ੍ਰੋ. ਬਲਜਿੰਦਰ ਨਸਰਾਲੀ, ਪ੍ਰੋ. ਰਵਿੰਦਰ ਸਿੰਘ, ਡਾ. ਰਜਨੀ ਬਾਲਾ, ਡਾ. ਨਛੱਤਰ ਸਿੰਘ, ਡਾ. ਸੋਹਨ ਸਿੰਘ, ਡਾ. ਯਾਦਵਿੰਦਰ ਸਿੰਘ ਤੇ ਡਾ. ਰੰਜੂ ਬਾਲਾ ਹਾਜ਼ਰ ਸਨ।

