ਮੈਰੀਨਾ ਵ੍ਹੀਲਰ ਦੀ ਪੁਸਤਕ ‘ਦਿ ਲੌਸਟ ਹੋਮਸਟੈਂਡ’ ਉੱਤੇ ਚਰਚਾ

ਮੈਰੀਨਾ ਵ੍ਹੀਲਰ ਦੀ ਪੁਸਤਕ ‘ਦਿ ਲੌਸਟ ਹੋਮਸਟੈਂਡ’ ਉੱਤੇ ਚਰਚਾ

ਭਾਈ ਵੀਰ ਸਿੰਘ ਸਾਹਿਤ ਸਦਨ ਵੱਲੋਂ ਕਰਵਾਈ ਚਰਚਾ ਵਿੱਚ ਹਿੱਸਾ ਲੈਂਦੇ ਹੋਏ ਬੁੱਧੀਜੀਵੀ।

ਕੁਲਦੀਪ ਸਿੰਘ਼

ਨਵੀਂ ਦਿੱਲੀ, 23 ਫਰਵਰੀ

ਨੈਸ਼ਨਲ ਇੰਸਟੀਟਿਊਟ ਆਫ਼ ਪੰਜਾਬ ਸਟੱਡੀਜ਼, ਭਾਈ ਵੀਰ ਸਿੰਘ ਸਾਹਿਤ ਸਦਨ, ਨਵੀਂ ਦਿੱਲੀ ਵੱਲੋਂ ਮਹੀਨਾਵਾਰ ਪੁਸਤਕ ਚਰਚਾ ਲੜੀ ਦੇ ਤਹਿਤ ਇਸ ਵਾਰ ਮੈਰੀਨਾ ਵ੍ਹੀਲਰ ਦੀ ਪੁਸਤਕ ‘ਦਿ ਲੌਸਟ ਹੋਮਸਟੈਂਡ’ ’ਤੇ ਚਰਚਾ ਹੋਈ। ਪੁਸਤਕ ’ਤੇ ਪੱਤਰਕਾਰ ਰਾਹੁਲ ਸਿੰਘ ਅਤੇ ਸੈਂਟਰ ਫਾਰ ਮੀਡੀਆ ਸਟੱਡੀਜ਼, ਜੇਐੱਨਯੂ ਤੋਂ ਪ੍ਰੋ. ਰਾਕੇਸ਼ ਬਟਾਬਿਆਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪੁਸਤਕ ਦੀ ਲੇਖਿਕਾ ਮਰੀਨਾ ਵ੍ਹੀਲਰ ਵੀ ਇਸ ਚਰਚਾ ਦਾ ਹਿੱਸਾ ਬਣੀ ਅਤੇ ਦਿਆਲ ਸਿੰਘ ਈਵਨਿੰਗ ਕਾਲਜ ਤੋਂ ਐਸੋਸੀਏਟ ਪ੍ਰੋਫੈਸਰ ਡਾ. ਮਾਧੁਰੀ ਚਾਵਲਾ ਨੇ ਇਸ ਦਾ ਸੰਚਾਲਨ ਕੀਤਾ। ਪ੍ਰੋਗਰਾਮ ਦਾ ਆਰੰਭ ਕਰਦਿਆਂ ਸਦਨ ਦੇ ਡਾਇਰੈਕਟਰ ਡਾ. ਮਹਿੰਦਰ ਸਿੰਘ ਨੇ ਪੁਸਤਕ ਬਾਰੇ ਸੰਖੇਪ ’ਚ ਦੱਸਿਆ। ਉਨ੍ਹਾਂ ਅਨੁਸਾਰ ਇਹ ਪੁਸਤਕ ਮੁੱਖ ਰੂਪ ’ਚ ਇਕ ਤਰ੍ਹਾਂ ਦਾ ਯਾਤਰਾ ਬਿਰਤਾਂਤ ਤੇ ਜੀਵਨੀ ਹੈ ਜੋ ਲੇਖਿਕਾ ਨੇ ਆਪਣੀ ਮਾਤਾ ਦੀਪ ਸਿੰਘ (ਕੁਲਦੀਪ ਕੌਰ) ਤੋਂ ਪ੍ਰੇਰਿਤ ਹੋ ਕੇ ਅਤੇ ਉਨ੍ਹਾਂ ਨੂੰ ਸਮਰਪਿਤ ਹੋ ਕੇ ਲਿਖੀ ਹੈ। ਮਾਧੁਰੀ ਚਾਵਲਾ ਨੇ ਪੁਸਤਕ ਨੂੰ ਪਰਿਵਾਰਕ ਯਾਦਾਂ ਨਾਲ ਸਬੰਧਤ ਕਰਦਿਆਂ ਚਰਚਾ ਦਾ ਆਰੰਭ ਕੀਤਾ। ਰਾਹੁਲ ਸਿੰਘ ਨੇ ਪੁਸਤਕ ਬਾਰੇ ਕਿਹਾ ਕਿ ਇਸ ਵਿਚ ਬੀਤੇ ਨੂੰ ਫਰੋਲਦਿਆਂ ਵੰਡ ਦੇ ਸਮੇਂ ਦੇ ਬਿਰਤਾਂਤ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰੋ. ਰਾਕੇਸ਼ ਬਟਾਬਿਆਲ ਅਨੁਸਾਰ ਪੁਸਤਕ ਮੂਲ ਰੂਪ ’ਚ ਵਿਅਕਤੀਗਤ ਤੇ ਰਾਜਨੀਤਕ ਆਜ਼ਾਦੀ ਨੂੰ ਸਮਰਪਿਤ ਇਕ ਕਥਾ-ਵਾਰਤਾ ਹੈ ਜਿਸ ਵਿੱਚੋਂ ਦੀਪ ਸਿੰਘ ਦਾ ਬਿੰਬ ਮਜ਼ਬੂਤ ਰੂਪ ’ਚ ਉਘੜਦਾ ਹੈ। ਲੇਖਿਕਾ ਅਨੁਸਾਰ ਉਨ੍ਹਾਂ ਦੀ ਇਹ ਪੁਸਤਕ ਮਾਂ ਦੀ ਜੀਵਨ ਕਹਾਣੀ ਤੋਂ ਪ੍ਰੇਰਿਤ ਹੈ ਜੋ ਕਿ ਆਪਣੀ ਹੋਣੀ ਤੇ ਹਯਾਤੀ ਨੂੰ ਖੁਦ ਘੜਨ ਦੀ ਚਾਹਵਾਨ ਸੀ ਤੇ ਇਸ ਪਾਸੇ ਉਨ੍ਹਾਂ ਸਾਰਥਕ ਕਦਮ ਪੁੱਟੇ। ਇਸ ਦੇ ਨਾਲ ਸਮੇਂ ਦੇ ਹਾਲਾਤ ਦਾ ਉਨ੍ਹਾਂ ਦੀ ਮਾਂ ਅਤੇ ਹੋਰ ਔਰਤਾਂ ’ਤੇ ਕੀ-ਕੀ ਪ੍ਰਭਾਵ ਪਏ, ਇਨ੍ਹਾਂ ਗੱਲਾਂ ਨੇ ਵੀ ਉਸ ਨੂੰ ਪੁਸਤਕ ਲਿਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਕਤਿਆਂ ਵਲੋਂ ਪੁੱਛੇ ਗਏ ਸੁਆਲਾਂ ਦੇ ਜਵਾਬ ਵੀ ਦਿੱਤੇ। ਅਖੀਰ ’ਚ ਡਾ. ਮਹਿੰਦਰ ਸਿੰਘ ਨੇ ਤਤਕਾਲੀ ਸਮੇਂ ਦੇ ਨਾਲ ਸੰਬੰਧਤ ਇਸ ਚਰਚਾ ਨੂੰ ਮਹੱਤਵਪੂਰਨ ਦੱਸਦਿਆਂ ਹਾਜ਼ਰ ਵਕਤਿਆਂ ਤੇ ਸਰੋਤਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All