Dhruv Rathee ਨੂੰ 2018 ਦੇ ਮਾਣਹਾਨੀ ਕੇਸ ਵਿੱਚ ਸੰਮਨ
ਪਿਛਲੇ 7 ਸਾਲਾਂ ਤੋਂ ਆਸਟਰੀਆ ਵਿੱਚ ਰਹਿ ਰਹੇ ਹਨ ਧਰੁਵ ਰਾਠੀ; ਦਿੱਲੀ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਲਈ ਆਏ ਹਨ ਭਾਰਤ
ਦਿੱਲੀ ਦੀ ਇੱਕ ਅਦਾਲਤ ਨੇ 2018 ਦੇ ਮਾਣਹਾਨੀ ਕੇਸ ਵਿੱਚ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਤਾਜ਼ਾ ਸੰਮਨ ਜਾਰੀ ਕੀਤੇ ਹਨ। ਅਦਾਲਤ ਨੇ ਨੋਟ ਕੀਤਾ ਹੈ ਕਿ ਉਹ ਪਿਛਲੇ ਸੱਤ ਸਾਲਾਂ ਤੋਂ ਆਸਟਰੀਆ ਵਿੱਚ ਰਹਿ ਰਿਹਾ ਹੈ ਅਤੇ ਕੌਮੀ ਰਾਜਧਾਨੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਲਈ ਭਾਰਤ ਆਇਆ ਹੈ।
ਜੁਡੀਸ਼ੀਅਲ ਮੈਜਿਸਟਰੇਟ ਰਾਹੁਲ ਜੈਨ ਭਾਜਪਾ (BJP) ਆਈ ਟੀ ਸੈੱਲ ਦੇ ਮੈਂਬਰ ਵਿਕਾਸ ਪਾਂਡੇ ਵੱਲੋਂ ਦਾਖ਼ਲ ਕੀਤੀ ਗਈ ਉਸ ਪਟੀਸ਼ਨ 'ਤੇ ਸੁਣਵਾਈ ਕਰ ਰਹੇ ਸਨ, ਜਿਸ ਵਿੱਚ ਰਾਠੀ ਨੂੰ ਤਾਜ਼ਾ ਸੰਮਨ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ।
12 ਅਕਤੂਬਰ ਦੇ ਇੱਕ ਆਦੇਸ਼ ਵਿੱਚ, ਅਦਾਲਤ ਨੇ ਕਿਹਾ, "ਉਪਲਬਧ ਰਿਕਾਰਡ ਤੋਂ ਇਹ ਸਪਸ਼ਟ ਹੈ ਕਿ ਸ਼ਿਕਾਇਤਕਰਤਾ ਪਿਛਲੇ ਕਈ ਸਾਲਾਂ ਤੋਂ ਮੁਲਜ਼ਮ ਨੰਬਰ 1 (ਰਾਠੀ) ਨੂੰ ਸੰਮਨ ਤਾਮੀਲ ਕਰਵਾਉਣ (ਪਹੁੰਚਾਉਣ) ਦੀ ਕੋਸ਼ਿਸ਼ ਕਰ ਰਿਹਾ ਹੈ..."
ਸ਼ਿਕਾਇਤਕਰਤਾ ਵੱਲੋਂ ਪੇਸ਼ ਹੋਏ ਐਡਵੋਕੇਟ ਸਮਕਸ਼ ਸ਼ਰਮਾ ਨੇ ਅਦਾਲਤ ਵਿੱਚ ਦੱਸਿਆ ਕਿ ਰਾਠੀ ਆਮ ਤੌਰ 'ਤੇ ਆਸਟਰੀਆ ਵਿੱਚ ਰਹਿੰਦਾ ਹੈ ਅਤੇ ਦਿੱਲੀ ਵਿੱਚ ਕੌਕਰੋਚ ਜਨਤਾ ਪਾਰਟੀ (CJP) ਦੇ ਵਿਰੋਧ ਪ੍ਰਦਰਸ਼ਨਾਂ ਲਈ ਭਾਰਤ ਆਇਆ ਹੈ।
ਉਨ੍ਹਾਂ ਦਲੀਲ ਦਿੱਤੀ ਕਿ ਤਾਜ਼ਾ ਸੰਮਨ ਜਾਰੀ ਕਰਨਾ ਜ਼ਰੂਰੀ ਹੈ, ਤਾਂ ਜੋ ਸੰਮਨ ਪਹੁੰਚਾਉਣ ਲਈ ਤੁਰੰਤ ਕਦਮ ਚੁੱਕੇ ਜਾ ਸਕਣ। ਜੱਜ ਨੇ ਨੋਟ ਕੀਤਾ ਕਿ ਅਦਾਲਤ ਵੱਲੋਂ ਰਾਠੀ ਨੂੰ ਸ਼ੁਰੂਆਤੀ ਤੌਰ 'ਤੇ ਜੁਲਾਈ 2019 ਵਿੱਚ ਸੰਮਨ ਜਾਰੀ ਕੀਤਾ ਗਿਆ ਸੀ।
ਅਦਾਲਤ ਨੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਰਾਠੀ ਦੇ ਪਤੇ 'ਤੇ ਤਾਜ਼ਾ ਸੰਮਨ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇਹ ਮਾਮਲਾ ਭਾਜਪਾ ਆਈ ਟੀ ਸੈੱਲ ਦੇ ਮੈਂਬਰ ਵਿਕਾਸ ਪਾਂਡੇ ਵੱਲੋਂ 2018 ਵਿੱਚ ਦਾਇਰ ਕੀਤੇ ਗਏ ਇੱਕ ਮਾਣਹਾਨੀ ਦੇ ਮੁਕੱਦਮੇ ਨਾਲ ਸਬੰਧਤ ਹੈ। ਇਹ ਮੁਕੱਦਮਾ ਰਾਠੀ ਵੱਲੋਂ ਆਪਣੇ ਯੂਟਿਊਬ ਚੈਨਲ 'ਤੇ ਵਿਕਾਸ ਪਾਂਡੇ ਖ਼ਿਲਾਫ਼ ਇੱਕ ਵੀਡੀਓ ਅਪਲੋਡ ਕਰਨ ਤੋਂ ਬਾਅਦ ਦਾਇਰ ਕੀਤਾ ਗਿਆ ਸੀ।

