ਅੱਜ ਗੁਰਦੁਆਰਾ ਸੀਸਗੰਜ ਸਾਹਿਬ ਪਹੁੰਚੇਗੀ ਧਰਮ ਰੱਖਿਅਕ ਯਾਤਰਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਧਰਮ ਰੱਖਿਅਕ ਯਾਤਰਾ’ ਨਗਰ ਕੀਰਤਨ ਦੇ ਰੂਪ ਵਿੱਚ ਯਾਤਰਾ ਸਵੇਰੇ 14 ਨਵੰਬਰ ਨੂੰ ਅੰਬਾਲਾ ਤੋਂ...
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ‘ਧਰਮ ਰੱਖਿਅਕ ਯਾਤਰਾ’ ਨਗਰ ਕੀਰਤਨ ਦੇ ਰੂਪ ਵਿੱਚ ਯਾਤਰਾ ਸਵੇਰੇ 14 ਨਵੰਬਰ ਨੂੰ ਅੰਬਾਲਾ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ ਪਹੁੰਚੇਗੀ। ਇੱਥੇ 15 ਨਵੰਬਰ ਦੇ ਠਹਿਰਾਅ ਤੋਂ ਬਾਅਦ 16 ਨਵੰਬਰ ਨੂੰ ਯਾਤਰਾ ਦਿੱਲੀ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਆਰੰਭ ਹੋਵੇਗੀ ਅਤੇ 21 ਨਵੰਬਰ ਤੱਕ ਦਿੱਲੀ ਦੇ ਵੱਖ-ਵੱਖ ਭਾਗਾਂ ਵਿਚੋਂ ਹੁੰਦੀ ਹੋਈ ਗੁਰਦੁਆਰਾ ਸੀਸਗੰਜ ਸਾਹਿਬ ਵਿੱਚ ਹੀ ਸਮਾਪਤ ਹੋਵੇਗੀ। ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ ਯਾਤਰਾ ਨੂੰ ਲੈ ਕੇ ਸੰਗਤਾਂ ਵਿੱਚ ਬਹੁਤ ਸ਼ਰਧਾ ਹੈ ਤੇ ਸੰਗਤਾਂ ਵੱਡੀ ਗਿਣਤੀ ਵਿਚ ਨਗਰ ਕੀਰਤਨ ਰੂਪੀ ਯਾਤਰਾ ਵਿਚ ਸ਼ਾਮਲ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯਾਤਰਾ ਵਿਚ ਨਿਹੰਗ ਸਿੰਘਾਂ ਦੇ ਜਥੇ ਸਮੇਤ ਦਲ ਪੰਥ ਦੀਆਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਨਗਰ ਕੀਰਤਨ ਵਿਚ ਗੱਤਕਾ ਪਾਰਟੀਆਂ ਸਮੇਤ ਅਨੇਕਾਂ ਪੰਥਕ ਨੁਮਾਇੰਦੇ ਸ਼ਾਮਲ ਹਨ। ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਗੱਲ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ ਕਿ ਦਿੱਲੀ ਵਿਚ ਇਹ ਯਾਤਰਾ ਕੌਮੀ ਰਾਜਧਾਨੀ ਦੇ ਤਕਰੀਬਨ ਹਰ ਖੇਤਰ ਵਿਚੋਂ ਗੁਜ਼ਰੇ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਦਿੱਲੀ ਅਤੇ ਕੇਂਦਰ ਸਰਕਾਰ ਨਾਲ ਮਿਲ ਕੇ ਇਹ ਇਤਿਹਾਸਕ ਮੌਕਾ ਮਨਾਉਣ ਵਾਸਤੇ ਬਹੁਤ ਵੱਡੀ ਪੱਧਰ ’ਤੇ ਯੋਜਨਾਬੰਦੀ ਕੀਤੀ ਹੈ ਤੇ ਇਸ ਤਹਿਤ 23 ਤੋਂ 25 ਨਵੰਬਰ ਤੱਕ ਲਾਲ ਕਿਲੇ ’ਤੇ ਵੱਡੇ ਸਮਾਗਮ ਹੋਣਗੇ।

