ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 26 ਮਈ
ਖਾਦੀ ਤੇ ਗ੍ਰਾਮ ਉਦਯੋਗ ਕਮਿਸ਼ਨ ਦੇ ਸਾਬਕਾ ਚੇਅਰਪਰਸਨ ਵਿਨੈ ਕੁਮਾਰ ਸਕਸੈਨਾ ਨੇ ਅੱਜ ਦਿੱਲੀ ਦੇ 22ਵੇਂ ਲੈਫਟੀਨੈਂਟ ਗਵਰਨਰ ਵਜੋਂ ਸਹੁੰ ਚੁੱਕੀ। ਉਨ੍ਹਾਂ ਤੋਂ ਪਹਿਲਾਂ ਦੇ ਉਪ ਰਾਜਪਾਲ ਅਨਿਲ ਬੈਜਲ ਵੱਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਅਸਤੀਫੇ ਤੋਂ ਲਗਭਗ ਇੱਕ ਹਫ਼ਤੇ ਬਾਅਦ ਦਿੱਲੀ ਦਾ ਨਵਾਂ ਉਪ ਰਾਜਪਾਲ ਨਿਯੁਕਤ ਕੀਤਾ ਗਿਆ ਸੀ। ਉਹ ਗੈਰ-ਰੱਖਿਆ ਅਤੇ ਗੈਰ-ਨੌਕਰਸ਼ਾਹੀ ਪਿਛੋਕੜ ਵਾਲੇ ਦਿੱਲੀ ਦੇ ਪਹਿਲੇ ਉਪ ਰਾਜਪਾਲ ਹਨ। ਇਸ ਮੌਕੇ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਵਿਪਿਨ ਸਾਂਘੀ ਵੱਲੋਂ ਵਿਨੈ ਕੁਮਾਰ ਸਕਸੈਨਾ ਨੂੰ ਸਹੁੰ ਚੁਕਾਈ ਗਈ।
ਸਹੁੰ ਚੁੱਕ ਸਮਾਗਮ ‘ਚ ਬੋਲਦਿਆਂ ਸਕਸੈਨਾ ਨੇ ਕਿਹਾ ਕਿ ਉਹ ਰਾਜ ਨਿਵਾਸ ਵਿਚ ਬੈਠਣ ਦੀ ਥਾਂ ਸੜਕਾਂ ’ਤੇ ਵਧ ਨਜ਼ਰ ਆਉਣਗੇ। ਉਨ੍ਹਾਂ ਨੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਵਧ ਰਹੀ ਸਮੱਸਿਆ ਨੂੰ ਹੱਲ ਕਰਨ ‘ਤੇ ਜ਼ੋਰ ਦਿੱਤਾ ਤੇ ਹੱਲ ਲੱਭਣ ਲਈ ਕੇਂਦਰ, ਰਾਜ ਤੇ ਸਥਾਨਕ ਨਾਗਰਿਕਾਂ ਨਾਲ ਮਿਲ ਕੇ ਕੰਮ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਗੈਰ-ਸੰਗਠਿਤ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਲਈ ਸਿਖਲਾਈ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਉਹ ਦਿੱਲੀ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਉਹ ਸਥਾਨਕ ਸਰਪ੍ਰਸਤ ਵਜੋਂ ਕੰਮ ਕਰਨਗੇ ਨਾ ਕਿ ਉਪ ਰਾਜਪਾਲ ਦੇ ਤੌਰ ‘ਤੇ।
ਸ੍ਰੀ ਸਕਸੈਨਾ ਨੇ ਕਾਨਪੁਰ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਰਾਜਸਥਾਨ ਵਿੱਚ ਜੇਕੇ ਗਰੁੱਪ ਨਾਲ ਇੱਕ ਸਹਾਇਕ ਅਧਿਕਾਰੀ ਦੇ ਤੌਰ ‘ਤੇ ਆਪਣਾ ਕਰੀਅਰ ਸ਼ੁਰੂ ਕੀਤਾ ਤੇ ਇਸਦੇ ਸੀਮਿੰਟ ਪਲਾਂਟ ਵਿੱਚ ਕੰਮ ਕੀਤਾ। ਉਹ ਜਨਰਲ ਮੈਨੇਜਰ ਤੇ ਬਾਅਦ ਵਿੱਚ ਪੋਰਟ ਪ੍ਰੋਜੈਕਟ ਦੇ ਸੀਈਓ ਤੇ ਡਾਇਰੈਕਟਰ ਬਣੇ। ਉਹ ਨੈਸ਼ਨਲ ਕੌਂਸਲ ਫਾਰ ਸਿਵਲ ਲਬਿਰਟੀਜ਼ ਦੀ ਸਥਾਪਨਾ ਕਰਨ ਲਈ ਜਾਣੇ ਜਾਂਦੇ ਹਨ, ਉਨ੍ਹਾਂ ਮੇਧਾ ਪਾਟਕਰ ਦੇ ਨਰਮਦਾ ਬਚਾਓ ਅੰਦੋਲਨ ਦਾ ਵਿਰੋਧ ਕੀਤਾ ਸੀ। ਸਕਸੈਨਾ ਨੂੰ ਸਮਾਜਿਕ ਖੇਤਰ ਵਿੱਚ ਪਾਏ ਯੋਗਦਾਨ ਲਈ ਕਈ ਪੁਰਸਕਾਰ ਵੀ ਮਿਲ ਚੁੱਕੇ ਹਨ।