ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਸਤੰਬਰ
ਸਿਆਸੀ ਸਿੱਖ ਕੈਦੀ ਰਿਹਾਈ ਮੋਰਚਾ (ਦਿੱਲੀ) ਵੱਲੋਂ ਅੱਜ ‘‘ਸੰਵਿਧਾਨ ਇਹ ਕਹਿੰਦਾ ਹੈ- ਬੰਦੀ ਸਿੰਘ ਰਿਹਾਅ ਕਰੋ’’ ਲਹਿਰ ਤਹਿਤ ਤਿਲਕ ਨਗਰ ਮੈਟਰੋ ਸਟੇਸ਼ਨ ਦੇ ਬਾਹਰ ਜਾਗਰੂਕਤਾ ਮੁਹਿੰਮ ਚਲਾਈ ਗਈ।
ਤਿਲਕ ਨਗਰ ਗੋਲ ਚੱਕਰ ਉਤੇ ਹੱਥਾਂ ਵਿਚ ਤਖ਼ਤੀਆਂ ਫੜ੍ਹ ਕੇ ਖੜ੍ਹੇ ਸਿੱਖਾਂ ਨੇ ‘‘ਸਤਿਨਾਮ-ਵਾਹਿਗੁਰੂ’’ ਤੇ ‘‘ਬੰਦੀ ਸਿੰਘ ਰਿਹਾਅ ਕਰੋ’’ ਦੇ ਸ਼ਾਂਤਮਈ ਨਾਅਰੇ ਲਾਏ ਅਤੇ ਆਉਣ-ਜਾਣ ਵਾਲੇ ਲੋਕਾਂ ਨੂੰ ਬੰਦੀ ਸਿੰਘਾਂ ਦੇ ਸਮਾਜਿਕ ਤੇ ਕਾਨੂੰਨੀ ਪੱਖਾਂ ਬਾਰੇ ਜਾਣਕਾਰੀ ਦਿੰਦੇ ਇਸ਼ਤਿਹਾਰਾਂ ਦੀ ਵੰਡ ਕੀਤੀ। ਪਰ ਦਿੱਲੀ ਪੁਲੀਸ ਵੱਲੋਂ ਪ੍ਰਦਰਸ਼ਨ ਦੀ ਮਨਜ਼ੂਰੀ ਨਹੀਂ ਹੋਣ ਦਾ ਹਵਾਲਾ ਦੇ ਕੇ ਵਿਖਾਵਾਕਾਰੀਆਂ ਨੂੰ ਹਿਰਾਸਤ ਵਿਚ ਲੈਣ ਦਾ ਐਲਾਨ ਕਰਕੇ ਤਿਲਕ ਨਗਰ ਥਾਣੇ ਵਿੱਚ ਲੈ ਆਇਆ ਗਿਆ ਤੇ ਬਾਅਦ ਵਿੱਚ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ।
ਰਿਹਾਈ ਮੋਰਚੇ ਦੇ ਕਨਵੀਨਰ ਅਵਤਾਰ ਸਿੰਘ ਕਾਲਕਾ ਨੇ ਕਿਹਾ, ‘‘ਅਸੀਂ ਸੰਵਿਧਾਨ ਤਹਿਤ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਹਾਂ, ਕਿਸੇ ਨੂੰ ਵੀ ਇਸ ਤੋਂ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ’ ਰਿਹਾਈ ਮੋਰਚੇ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਮਿੰਟੂ ਨੇ ਦੱਸਿਆ ਕਿ ਭਾਈ ਹਵਾਰਾ ਵੱਲੋਂ ਭੇਜਿਆ ਸ਼ੋਕ ਸੰਦੇਸ਼ ਪੜ੍ਹਨ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਲੋਕਾਂ ਦੀ ਬੰਦੀ ਸਿੰਘਾਂ ਬਾਰੇ ਜਾਣਕਾਰੀ ਲੈਣ ਪ੍ਰਤੀ ਉਤਸੁਕਤਾ ਪੈਦਾ ਹੋ ਸਕੇ।’’