ਨਵੀਂ ਕੌਮੀ ਸਿੱਖਿਆ ਨੀਤੀ ਖ਼ਿਲ਼ਾਫ਼ ਮੁਜ਼ਾਹਰਾ

ਨਵੀਂ ਕੌਮੀ ਸਿੱਖਿਆ ਨੀਤੀ ਖ਼ਿਲ਼ਾਫ਼ ਮੁਜ਼ਾਹਰਾ

ਜੰਤਰ-ਮੰਤਰ ਵਿੱਚ ਨਵੀਂ ਕੌਮੀ ਸਿੱਖਿਆ ਨੀਤੀ ਖ਼ਿਲਾਫ਼ ਰੋਸ ਪ੍ਰਗਟਾਉਂਦੇ ਹੋਏ ਵਿਦਿਆਰਥੀ ਆਗੂ।

ਮਨਧੀਰ ਦਿਓਲ
ਨਵੀਂ ਦਿੱਲੀ, 21 ਸਤੰਬਰ

ਦਿੱਲੀ ਦੇ ਜੰਤਰ-ਮੰਤਰ ਵਿੱਚ ਵੱਖ-ਵੱਖ ਵਿਦਿਆਰਥੀ ਜੱਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ਨਵੀਂ ਕੌਮੀ ਸਿੱਖਿਆ ਨੀਤੀ ਦੀ ਸਖ਼ਤ ਆਲੋਚਨਾ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਇਸ ਨੀਤੀ ਨੂੰ ਵਿਦਿਆਰਥੀ ਵਿਰੋਧੀ ਕਰਾਰ ਦਿੱਤਾ ਗਿਆ। 

  ਰੋਸ ਪ੍ਰਦਰਸ਼ਨ ਵਿੱਚ ‘ਆਈਸਾ’, ‘ਏਆਈਡੀਐੱਸਓ’, ਏਆਈਐੱਸਐੱਫ’, ‘ਬੀਐੱਸਸੀਈਐੱਮ’, ‘ਕੋੋਲਿਕਟਵ’, ‘ਦਿਸ਼ਾ’, ‘ਡੀਐੱਸਯੂ’, ‘ਕੇਵਾਈਐੱਸ’, ‘ਪਿੰਜਰਾ ਤੋੜ’, ‘ਐੱਸਐੱਫਆਈ’, ‘ਪੀਡੀਐੱਸਯੂ’ ਤੇ ‘ਪਾਚਾਸ’ ਵੱਲੋਂ ਸ਼ਿਰਕਤ ਕੀਤੀ ਗਈ। ਆਗੂਆਂ ਨੇ ਦੋਸ਼ ਲਾਇਆ ਕਿ ਪਿਛਲੇ ਕਈ ਸਾਲਾਂ ਤੋਂ ਵਿਰੋਧ ਦੇ ਬਾਵਜੂਦ ਲਿਆਂਦੀ ਗਈ ਇਹ ਨਵੀਂ ਸਿੱਖਿਆ ਨੀਤੀ ਦੇਸ਼ ਦੀ ਸਿੱਖਿਆ ਦੀ ਸਮੁੱਚੀ ਸਥਿਤੀ ਨੂੰ ਬਦਤਰ ਬਣਾ ਦੇਵੇਗੀ। ਇਸ ਨੀਤੀ ਨਾਲ ਪਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਗੈਰ ਰਸਮੀ ਲੇਬਰ ਮਾਰਕੀਟ ਵਿੱਚ ਲਿਆਉਣ ਲਈ ਸਕੂਲਾਂ ਵਿੱਚ ਕਿੱਤਾਮੁਖੀ ਕੋਰਸਾਂ ਨੂੰ ਅੱਗੇ ਵਧਾਉਣ ਦਾ ਇਰਾਦਾ ਸਪੱਸ਼ਟ ਤੌਰ ’ਤੇ ਦਿਖਾਈ ਦਿੰਦਾ ਹੈ। ਉੱਚ ਸਿੱਖਿਆ ਦੇ ਖੇਤਰ ਵਿਚ ਲੱਖਾਂ ਵਿਦਿਆਰਥੀਆਂ ਨੂੰ ਗੈਰ ਰਸਮੀ ਸਿੱਖਿਆ ਵਿਚ ਧੱਕਣ ਦੇ ਖਰੜੇ ਦਾ ਪਰਦਾਫਾਸ਼ ਵੀ ਵਿਦਿਅਕ ਸੰਸਥਾਵਾਂ ਨੂੰ ਜੋੜ ਕੇ ਉਨ੍ਹਾਂ ਦੀ ਗਿਣਤੀ ਘਟਾ ਕੇ ਤੇ ਮੁਫ਼ਤ ਅਤੇ ਦੂਰੀ ਦੀ ਸਿੱਖਿਆ ਨੂੰ ਉਤਸ਼ਾਹਤ ਕਰਕੇ ਉਜਾਗਰ ਕੀਤਾ ਗਿਆ ਹੈ। 

  ਉਨ੍ਹਾਂ ਕਿਹਾ ਕਿ ਇਸ ਨੀਤੀ ਵਿਚ ਆਰਐੱਸਐਸ, ਉਦਯੋਗਾਂ ਤੇ ਕਾਰਪੋਰੇਟ ਸੈਕਟਰਾਂ ਦੀਆਂ ਸਿਫ਼ਾਰਸ਼ਾਂ ਨੂੰ ਖੁੱਲ੍ਹੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ ਜੋ ਦੇਸ਼ ਦੀ ਸਿੱਖਿਆ ਪ੍ਰਣਾਲੀ ਨੂੰ ਸਿਰਫ ਕੁਝ ਕੁ ਲੋਕਾਂ ਦਾ ਵਿਸ਼ੇਸ਼ ਅਧਿਕਾਰ ਦੇਵੇਗਾ।  ਵਿਦਿਆਰਥੀਆਂ ਅਤੇ ਸਿੱਖਿਆ ਤੋਂ ਵਾਂਝੇ ਰਹਿ ਰਹੇ ਵਿਦਿਆਰਥੀਆਂ ਲਈ ਸਭ ਤੋਂ ਮਹੱਤਵਪੂਰਨ ਮੁੱਦੇ ਜਿਵੇਂ ਕਿ ਸਰਕਾਰੀ ਸਕੂਲਾਂ ਦੀ ਗਿਣਤੀ ਵਧਾਉਣਾ, ਇਨ੍ਹਾਂ ਸਕੂਲਾਂ ਵਿਚ ਸਿੱਖਿਆ ਦੀ ਗੁਣਵੱਤਾ ਤੇ ਵਿਦਿਆਰਥੀਆਂ ਲਈ ਸਰਕਾਰ ਵੱਲੋਂ ਵਧੇਰੇ ਫੰਡਾਂ ਦੀ ਵੰਡ, ਰਸਮੀ ਸਿੱਖਿਆ ਲਿਆਉਣ ਦੀ ਨੀਤੀ ਨੂੰ ਨਜ਼ਰਅੰਦਾਜ਼ ਕਰਦਿਆਂ ਉਲਟ ਵਿਦਿਆਰਥੀਆਂ ਨੂੰ ਰਸਮੀ ਸਿੱਖਿਆ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਦਿਆਰਥੀ ਆਗੂਆਂ ਮੁਤਾਬਕ ਇਸ ਵਿੱਚ ਫਿਰਕੂਪੁਣੇ ਦੀ ਝਲਕ ਵੀ ਮਿਲਦੀ ਹੈ। ਨਵੀਂ ਸਿੱਖਿਆ ਨੀਤੀ ਵਿਚ ਬੱਚਿਆਂ ਦੀ ਸਿਖਿਆ ਨੂੰ ਬਿਨਾਂ ਕਿਸੇ ਠੋਸ ਕਦਮਾਂ ਤੋਂ ਲਾਗੂ ਕਰਨ ਦੀ ਵਿਵਸਥਾ ਕੀਤੀ ਗਈ ਹੈ। ਅਜਿਹੀ ਸਿਖਲਾਈ ਆਨਲਾਈਨ ਮੋਡ ਰਾਹੀਂ ਦਿੱਤੀ ਜਾਏਗੀ ਜੋ ਕਿ ਅਸਲ ਵਿੱਚ ਸਿਖਲਾਈ ਦੇ ਨਾਮ ਤੇ ਇੱਕ ਮਜ਼ਾਕ ਹੈ। ਇਹ ਨੀਤੀ ਓਪਨ ਤੇ ਡਿਸਟੈਂਸ ਲਰਨਿੰਗ (ਓਡੀਐਲ) ਵੱਲੋਂ ਸਿੱਖਿਆ ਦੇਣ ਦੀ ਗੱਲ ਕਰਦੀ ਹੈ। ਇਸ ਤਰ੍ਹਾਂ ਸਕੂਲ ਪੱਧਰ ‘ਤੇ ਵਿਆਪਕ ਗੈਰ ਰਸਮੀਕਰਨ ਦਾ ਰਾਹ ਪੱਧਰਾ ਹੁੰਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All