ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਭਗਤ ਸਿੰਘ ਤੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ

ਸਮਾਗਮ ਦੌਰਾਨ ਭਾਸ਼ਣ ਦਿੰਦੇ ਹੋਏ ਪਰਮਜੀਤ ਸਿੰਘ ਪੰਮਾ। -ਫੋਟੋ: ਦਿਓਲ

ਪੱਤਰ ਪ੍ਰੇਰਕ

ਨਵੀਂ ਦਿੱਲੀ, 24 ਸਤੰਬਰ

ਭਗਤ ਸਿੰਘ ਦੇ ਜਨਮ ਦਿਨ ਦੇ ਸਬੰਧ ਵਿੱਚ ਨੈਸ਼ਨਲ ਅਕਾਲੀ ਦਲ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਇਹ ਮੰਗ ਉੱਠੀ ਕਿ ਭਗਤ ਸਿੰਘ ਤੇ ਸਾਥੀਆਂ ਨੂੰ ਸਰਕਾਰੀ ਪੱਧਰ ਉਪਰ ਸ਼ਹੀਦ ਦਾ ਦਰਜਾ ਮਿਲੇ। ਦੇਸ਼ ਆਜ਼ਾਦ ਹੋਏ ਨੂੰ 70 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਸ਼ਹੀਦੇ-ਆਜ਼ਮ ਭਗਤ ਸਿੰਘ ਨੂੰ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾ ਸਕਿਆ ਹੈ। ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਮੌਕੇ ਉਨ੍ਹਾਂ ਤੇ ਸਾਥੀਆਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ। ਕੁਲਦੀਪ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਉਨ੍ਹਾਂ ਨੌਜਵਾਨਾਂ ਲਈ ਇੱਕ ਰੋਲ ਮਾਡਲ ਹਨ ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇਸ ਦੇਸ਼ ਦੀ ਆਜ਼ਾਦੀ ਲਈ ਆਪਣੇ ਆਪ ਵਾਰ ਗਏ। ਉਨ੍ਹਾਂ ਕਿਹਾ ਕਿ ਕਈ ਵਾਰ ਬਹੁਤ ਸਾਰੀਆਂ ਸਰਕਾਰਾਂ ਬਦਲੀਆਂ ਅਤੇ ਸਿਸਟਮ ਇਕੋ ਜਿਹਾ ਰਿਹਾ। ਭਾਵਨਾ ਧਵਨ ਤੇ ਰਸ਼ਮੀਤ ਕੌਰ ਬਿੰਦਰਾ ਨੇ ਕਿਹਾ ਹੈ ਕਿ ਸਾਡਾ ਫਰਜ਼ ਬਣਦਾ ਹੈ ਕਿ ਉਨ੍ਹਾਂ ਲੋਕਾਂ ਨੂੰ ਹਮੇਸ਼ਾ ਯਾਦ ਰੱਖੀਏ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਹਨ ਤੇ ਉਨ੍ਹਾਂ ਦੇ ਇਤਿਹਾਸ ਨੂੰ ਸਕੂਲਾਂ ਵਿਚ ਬੱਚਿਆਂ ਨੂੰ ਵੀ ਸਿਖਾਇਆ ਜਾਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਾਡੇ ਬੱਚੇ ਵੀ ਦੇਸ਼ ਭਗਤੀ ਮਹਿਸੂਸ ਕਰਨ। ਪਾਰਟੀ ਦੇ ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਕੁਲਦੀਪ ਸਿੰਘ ਮਰਵਾ, ਮਹਿਲਾ ਵਿੰਗ ਦੀ ਕੌਮੀ ਪ੍ਰਧਾਨ ਭਾਵਨਾ ਧਵਨ, ਸੀਨੀਅਰ ਮੀਤ ਪ੍ਰਧਾਨ ਰਸ਼ਮੀਤ ਕੌਰ ਬਿੰਦਰਾ, ਮੀਤ ਪ੍ਰਧਾਨ ਅੰਮ੍ਰਿਤ ਕੌਰ, ਰਾਸ਼ਟਰੀ ਸਕੱਤਰ ਮਨਜੀਤ ਸਿੰਘ, ਦਿੱਲੀ ਪ੍ਰਦੇਸ਼ ਦੇ ਸੀਨੀਅਰ ਮੀਤ ਪ੍ਰਧਾਨ ਅਰਵਿੰਦਰ ਸਿੰਘ, ਜਸਵਿੰਦਰ ਸਿੰਘ ਸ਼ਾਹ, ਪ੍ਰਿਤਪਾਲ ਸਿੰਘ ਬੱਤਰਾ ਸਮੇਤ ਕਈ ਮੈਂਬਰ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All