ਦਿੱਲੀ ਦੇ Chief Minister ਅਤੇ ਮੰਤਰੀਆਂ ਨੇ ਸਰਕਾਰੀ ਗੱਡੀਆਂ ਛੱਡ ਕੇ Metro ਤੇ Buses 'ਚ ਕੀਤਾ ਸਫ਼ਰ
ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਜਨਤਕ ਆਵਾਜਾਈ ਨੂੰ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਉਣ ਦਾ ਸੱਦਾ
ਈਂਧਨ ਦੀ ਬਚਤ ਕਰਨ ਅਤੇ ਜਨਤਕ ਆਵਾਜਾਈ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਚਲਾਈ ਗਈ ‘ਮੈਟਰੋ ਮੰਡੇ’ ਮੁਹਿੰਮ ਤਹਿਤ ਅੱਜ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ, ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਅਤੇ ਹੋਰਨਾਂ ਮੰਤਰੀਆਂ ਨੇ ਮੈਟਰੋ ਅਤੇ ਬੱਸ ਰਾਹੀਂ ਸਫ਼ਰ ਕੀਤਾ। ਮੁੱਖ ਮੰਤਰੀ ਨੇ ਰਾਜ ਨਿਵਾਸ ਮਾਰਗ ਸਥਿਤ ਆਪਣੀ ਰਿਹਾਇਸ਼ ਤੋਂ ਸਫ਼ਰ ਸ਼ੁਰੂ ਕਰਦਿਆਂ ਨਜ਼ਦੀਕੀ ਮੈਟਰੋ ਸਟੇਸ਼ਨ ਤੋਂ ਆਈ ਟੀ ਓ ਮੈਟਰੋ ਸਟੇਸ਼ਨ ਤੱਕ ਯਾਤਰਾ ਕੀਤੀ। ਇਸ ਤੋਂ ਬਾਅਦ ਉਹ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ (ਡੀ ਟੀ ਸੀ) ਦੀ ਬੱਸ ਰਾਹੀਂ ਦਿੱਲੀ ਸਕੱਤਰੇਤ ਪਹੁੰਚੇ।
ਮੁੱਖ ਮੰਤਰੀ ਨੇ ‘ਐਕਸ’ ’ਤੇ ਲਿਖਿਆ ਕਿ ਇਸ ਸੋਮਵਾਰ ਉਨ੍ਹਾਂ ਸਕੱਤਰੇਤ ਪਹੁੰਚਣ ਲਈ ਮੈਟਰੋ ਅਤੇ ਡੀ ਟੀ ਸੀ ਬੱਸ ਦੀ ਚੋਣ ਕੀਤੀ ਹੈ। ਉਨ੍ਹਾਂ ਨੂੰ ਇਹ ਦੇਖ ਕੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਦਿੱਲੀ ਵਾਸੀ ਜਨਤਕ ਆਵਾਜਾਈ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਹਰ ਮੈਟਰੋ ਅਤੇ ਬੱਸ ਯਾਤਰਾ ਸੜਕਾਂ ’ਤੇ ਟਰੈਫਿਕ, ਪ੍ਰਦੂਸ਼ਣ ਅਤੇ ਤੇਲ ਦੀ ਖਪਤ ਘਟਾਉਣ ਵਿੱਚ ਮਦਦ ਕਰਦੀ ਹੈ, ਜੋ ਕਿ ਦੇਸ਼ ਹਿੱਤ ਵਿੱਚ ਇੱਕ ਵੱਡਾ ਕਦਮ ਹੈ। ਦੂਜੇ ਪਾਸੇ, ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਨੇ ਤਿਲਕ ਮਾਰਗ ਸਥਿਤ ਆਪਣੀ ਰਿਹਾਇਸ਼ ਤੋਂ ਦਿੱਲੀ ਵਿਧਾਨ ਸਭਾ ਤੱਕ ਪਹੁੰਚਣ ਲਈ ਮੈਟਰੋ ਦੀ ਵਰਤੋਂ ਕੀਤੀ। ਸੁਪਰੀਮ ਕੋਰਟ ਮੈਟਰੋ ਸਟੇਸ਼ਨ ਤੋਂ ਆਪਣੀ ਯਾਤਰਾ ਸ਼ੁਰੂ ਕਰਦਿਆਂ ਸਪੀਕਰ ਨੇ ਆਮ ਯਾਤਰੀਆਂ ਨਾਲ ਗੱਲਬਾਤ ਕੀਤੀ ਅਤੇ ਰੋਜ਼ਾਨਾ ਜੀਵਨ ਵਿੱਚ ਵਾਤਾਵਰਨ ਪੱਖੀ ਸਾਧਨਾਂ ਨੂੰ ਅਪਣਾਉਣ ਦੀ ਅਪੀਲ ਕੀਤੀ। ਰਾਜੀਵ ਚੌਕ ਮੈਟਰੋ ਸਟੇਸ਼ਨ ਤੋਂ ਟਰੇਨ ਬਦਲ ਕੇ ਵਿਧਾਨ ਸਭਾ ਸਟੇਸ਼ਨ ਪਹੁੰਚਣ ਉਪਰੰਤ ਉਨ੍ਹਾਂ ਕਿਹਾ ਕਿ ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਈਂਧਨ ਦੀ ਬਚਤ ਲਈ ਦਿੱਤੇ ਸੱਦੇ ਤੋਂ ਪ੍ਰੇਰਿਤ ਹੈ, ਜਿਸ ਦਾ ਮਕਸਦ ਟਰੈਫਿਕ ਦੀ ਸਮੱਸਿਆ ਘਟਾਉਣੀ ਅਤੇ ਵਾਤਾਵਰਨ ਪ੍ਰਤੀ ਜਨਤਕ ਹਿੱਸੇਦਾਰੀ ਵਧਾਉਣਾ ਹੈ। ਇਸੇ ਮੁਹਿੰਮ ਤਹਿਤ ਲੋਕ ਨਿਰਮਾਣ ਮੰਤਰੀ ਪਰਵੇਸ਼ ਸਾਹਿਬ ਸਿੰਘ ਕੇਂਦਰੀ ਦਿੱਲੀ ਸਥਿਤ ਆਪਣੀ ਰਿਹਾਇਸ਼ ਤੋਂ ਸਾਈਕਲ ਚਲਾ ਕੇ ਸੰਸਦ ਮਾਰਗ ’ਤੇ ਸਥਿਤ ਨਵੀਂ ਦਿੱਲੀ ਨਗਰਪਾਲਿਕਾ ਪਰਿਸ਼ਦ (ਐੱਨ ਡੀ ਐੱਮ ਸੀ) ਦੇ ਮੁੱਖ ਦਫ਼ਤਰ ਪਹੁੰਚੇ। ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਮਗਰੋਂ ਉਨ੍ਹਾਂ ਦੱਸਿਆ ਕਿ ਸੋਮਵਾਰ ਵਾਲੇ ਦਿਨ ਮੁੱਖ ਮੰਤਰੀ, ਮੰਤਰੀਆਂ ਅਤੇ ਸਾਰੇ ਅਧਿਕਾਰੀਆਂ ਵੱਲੋਂ ਸਿਰਫ਼ ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕੀਤੀ ਜਾਵੇਗੀ। ਐੱਨ ਡੀ ਐੱਮ ਸੀ ਦਾ ਦਫ਼ਤਰ ਉਨ੍ਹਾਂ ਦੇ ਘਰ ਨੇੜੇ ਸੀ, ਇਸ ਲਈ ਉਹ ਸਾਈਕਲ ਰਾਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਦੇਸ਼ ਲਈ ਜਿੰਨੀ ਤੇਲ ਦੀ ਬਚਤ ਹੋਵੇਗੀ, ਓਨਾ ਹੀ ਬਿਹਤਰ ਹੈ।

