ਦਿੱਲੀ ਵਿੱਚ ਅੱਜ ਸਵੇਰੇ ਭਰਵੇਂ ਮੀਂਹ ਕਾਰਨ ਕਈ ਇਲਾਕੇ ਜਲ-ਥਲ ਹੋ ਗਏ। ਇਸ ਦੌਰਾਨ ਬਾਜ਼ਾਰਾਂ ਵਿੱਚ ਗੋਡੇ-ਗੋਡੇ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਲੋਕ ਕਾਫ਼ੀ ਸਮਾਂ ਜਾਮ ਵਿੱਚ ਫਸੇ ਰਹੇ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਕੌਮੀ ਰਾਜਧਾਨੀ ਵਿੱਚ ਵਿੱਚ ਹੋਰ ਮੀਂਹ ਦੀ ਪੇਸ਼ੀਨਗੋਈ ਕਰਦਿਆਂ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਅੱਜ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕਨਾਟ ਪਲੇਸ, ਜਨਪਥ, ਭਾਰਤ ਮੰਡਪਮ ਰੋਡ, ਬਾਰਾਖੰਭਾ ਰੋਡ, ਆਈ ਟੀ ਓ ਦੇ ਕੋਲ ਮਥੁਰਾ ਰੋਡ, ਕਾਲਿੰਦੀ ਕੁੰਜ ਅਤੇ ਹੋਰ ਹੇਠਲੇ ਇਲਾਕੇ ਜਲ-ਥਲ ਹੋਏ ਗਏ। ਇਸ ਦੌਰਾਨ ਕਨਾਟ ਪਲੇਸ ਦੇ ਜੀ ਬਲਾਕ ਵਿੱਚ ਮੀਂਹ ਦਾ ਪਾਣੀ ਕਈ ਦੁਕਾਨਾਂ ਵਿੱਚ ਦਾਖ਼ਲ ਹੋ ਗਿਆ। ਖਾਨ ਮਾਰਕੀਟ ਦੇ ਨੇੜੇ ਲੋਧੀ ਅਸਟੇਟ ਵਿੱਚ ਵੀ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ।
ਇਸ ਦੌਰਾਨ ਗੀਤਾ ਕਲੋਨੀ ਦੇ 2-ਏ ਬਲਾਕ ਵਿੱਚ ਅੱਜ ਮੀਂਹ ਕਾਰਨ ਤਿੰਨ ਮੰਜ਼ਿਲਾ ਇਮਾਰਤ ਦਬ ਗਈ ਜਿਸ ਤੋਂ ਬਾਅਦ ਆਫ਼ਤ ਪ੍ਰਬੰਧਨ ਟੀਮਾਂ ਅਤੇ ਪੁਲੀਸ ਕਰਮਚਾਰੀ ਮੌਕੇ ’ਤੇ ਪਹੁੰਚ ਗਏ ਤੇ ਬਚਾਅ ਕਾਰਜ ਚਲਾਏ ਗਏ।
ਦੂਜੇ ਪਾਸੇ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਭਰਨ ਮਗਰੋਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਨੇ ਮਿੰਟੋ ਬ੍ਰਿਜ ’ਤੇ ਆਵਾਜਾਈ ਸੁਚਾਰੂ ਰੂਪ ਨਾਲ ਚੱਲਣ ਸਬੰਧੀ ਵੀਡੀਓ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਝੱਲਣੀ ਨਾ ਪਵੇ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਨੇਤਾ ਸੌਰਭ ਭਾਰਦਵਾਜ ਨੇ ਸੋਸ਼ਲ ਮੀਡੀਆ ’ਤੇ ਸਦਰ ਬਾਜ਼ਾਰ ਦਾ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਮੀਂਹ ਦਾ ਪਾਣੀ ਗੋਡਿਆਂ ਤੱਕ ਭਰ ਗਿਆ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਅਨੁਸਾਰ ਪਾਣੀ ਭਰਨ ਕਈ ਅਹਿਮ ਸੜਕਾਂ ’ਤੇ ਜਾਮ ਲੱਗ ਗਏ। ਇਨ੍ਹਾਂ ਵਿੱਚ ਸ਼ੰਕਰ ਵਿਹਾਰ ਦੇ ਕੋਲ ਐੱਨ ਐੱਚ 8, ਜਾਕਿਰ ਹੁਸੈਨ ਰੋਡ, ਦਿੱਲੀ ਕੈਂਟ-ਨੈਣਾ ਫਲਾਈਓਵਰ-ਮਾਇਆਪੁਰੀ ਮਾਰਗ, ਆਈ ਟੀ ਓ, ਪੁਰਾਣੀ ਰੋਹਤਕ ਰੋਡ, ਮਧੂਬਨ ਚੌਕ-ਨੇਤਾਜੀ ਸੁਭਾਸ਼ ਪਲੇਸ ਮਾਰਗ, ਪੀਰਾਗੜ੍ਹੀ, ਐੱਨ ਐੱਚ 48, ਦਿੱਲੀ-ਨੋਇਡਾ ਰੋਡ, ਕਾਲਿੰਦੀ ਕੁੰਜ ਅਤੇ ਵਿਕਾਸ ਮਾਰਗ ਸਮੇਤ ਹੋਰ ਪ੍ਰਮੁੱਖ ਸੜਕਾਂ ਸ਼ਾਮਲ ਹਨ। ਮੌਸਮ ਵਿਭਾਗ ਅਨੁਸਾਰ ਪੂਸਾ ਵਿੱਚ ਸਭ ਤੋਂ ਵੱਧ 80 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਇਸ ਤੋਂ ਬਾਅਦ ਜਨਕਪੁਰੀ ਵਿੱਚ 72 ਐੱਮ ਐੱਮ, ਲੋਧੀ ਰੋਡ ਵਿੱਚ 63.4 ਐੱਮ ਐੱਮ, ਛਤਰਪੁਰ ਵਿੱਚ 57.5 ਐੱਮ ਐੱਮ, ਸਫ਼ਦਰਜੰਗ ਵਿੱਚ 51 ਐੱਮ ਐੱਮ, ਆਯਾਨਗਰ ਵਿੱਚ 50.1 ਐੱਮ ਐੱਮ, ਨਾਰਾਇਣਾ ਵਿੱਚ 44 ਐੱਮ ਐੱਮ, ਰਿਜ ਵਿੱਚ 37.3 ਐੱਮ ਐੱਮ, ਮਯੂਰ ਵਿਹਾਰ ਵਿੱਚ 33.5 ਐੱਮ ਐੱਮ. ਅਤੇ ਪਾਲਮ ਵਿੱਚ 26 ਐੱਮ ਐੱਮ ਮੀਂਹ ਦਰਜ ਕੀਤਾ ਗਿਆ। ਮੀਂਹ ਮਗਰੋਂ ਸਫ਼ਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 25.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਆਮ ਤਾਪਮਾਨ ਤੋਂ 1.8 ਡਿਗਰੀ ਘੱਟ ਰਿਹਾ।

