Delhi Toronto Flights: ਏਅਰ ਇੰਡੀਆ ਵੱਲੋਂ ਦਿੱਲੀ-ਟੋਰਾਂਟੋ ਰੂਟ ਉੱਤੇ ਨਵਾਂ ਬੋਇੰਗ 787-9 ਜਹਾਜ਼ ਤਾਇਨਾਤ
Mumbai Toronto Flights: ਸੀਟਾਂ ਦੀ ਸਮਰੱਥਾ ਵਧਾਈ; ਮੁੰਬਈ-ਟੋਰਾਂਟੋ ਲਈ ਸਰਦੀਆਂ ਵਿਚ ਨਵੀਂ ਉਡਾਣ ਸੇਵਾ ਹੋਵੇਗੀ ਸ਼ੁਰੂ
Air India Toronto: ਏਅਰ ਇੰਡੀਆ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਉਸ ਨੇ ਦਿੱਲੀ-ਟੋਰਾਂਟੋ ਰੂਟ ਉੱਤੇ ਆਪਣਾ ਨਵਾਂ ਬੋਇੰਗ 787-9 ਜਹਾਜ਼ ਤਾਇਨਾਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵਿੰਟਰ 2026-27 ਸੀਜ਼ਨ ਲਈ ਮੁੰਬਈ ਅਤੇ ਟੋਰਾਂਟੋ ਵਿਚਕਾਰ ਇੱਕ ਨਵੀਂ ਸਿੱਧੀ ਉਡਾਣ ਸ਼ੁਰੂ ਕਰਦਿਆਂ ਕੈਨੇਡਾ ਵਿੱਚ ਰੂਟ ਦਾ ਵਿਸਥਾਰ ਕੀਤਾ ਹੈ। ਇਸ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਕੁੱਲ ਸਮਰੱਥਾ ਵਿੱਚ ਹਰ ਮਹੀਨੇ 4,400 ਸੀਟਾਂ ਦਾ ਵਾਧਾ ਹੋਵੇਗਾ ਜਦੋਂ ਕਿ ਟੋਰਾਂਟੋ ਲਈ ਪ੍ਰੀਮੀਅਮ ਸੀਟ ਸਮਰੱਥਾ ਵਿੱਚ 71 ਫ਼ੀਸਦੀ ਦਾ ਵਾਧਾ ਹੋਵੇਗਾ।
ਇਸ ਸਾਲ 25 ਅਕਤੂਬਰ ਤੋਂ ਅਗਲੇ ਸਾਲ 26 ਮਾਰਚ ਤੱਕ ਮੁੰਬਈ ਅਤੇ ਟੋਰਾਂਟੋ ਵਿਚਕਾਰ ਹਫ਼ਤੇ ਵਿੱਚ ਤਿੰਨ ਵਾਰ ਚੱਲਣ ਵਾਲੀ ਸਿੱਧੀ ਸੇਵਾ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਵਿਚਕਾਰ ਹਰ ਹਫ਼ਤੇ ਲਗਪਗ 2,000 ਯਾਤਰੀ ਸਫਰ ਕਰ ਸਕਣਗੇ। ਇਸ ਨਾਲ ਏਅਰ ਇੰਡੀਆ ਇਨ੍ਹਾਂ ਦੋਵਾਂ ਸ਼ਹਿਰਾਂ ਵਿਚਕਾਰ ਸਿੱਧੀਆਂ ਉਡਾਣਾਂ ਚਲਾਉਣ ਵਾਲੀ ਇਕੱਲੀ ਏਅਰਲਾਈਨ ਬਣ ਜਾਵੇਗੀ। ਇਹ ਸੇਵਾ ਏਅਰ ਇੰਡੀਆ ਦੇ ਬੋਇੰਗ 777-300ਈ ਆਰ ਜਹਾਜ਼ ਰਾਹੀਂ ਚਲਾਈ ਜਾਵੇਗੀ, ਜਿਸ ਵਿੱਚ ਅੱਠ ਸ਼ਾਨਦਾਰ ਫਸਟ ਕਲਾਸ ਸੂਟ, 40 ਫਲੈਟ ਬੈੱਡ ਅਤੇ 280 ਇਕਾਨਮੀ ਸੀਟਾਂ ਸ਼ਾਮਲ ਹਨ।
ਭਾਰਤ ਦੇ ਕਈ ਸ਼ਹਿਰਾਂ ਨਾਲ ਕੁਨੈਕਟੀਵਿਟੀ
ਮੁੰਬਈ ਅਤੇ ਦਿੱਲੀ ਵਿਚ ਏਅਰ ਇੰਡੀਆ ਦੇ ਹੱਬ ਰਾਹੀਂ ਕੈਨੇਡਾ ਆਉਣ-ਜਾਣ ਵਾਲੇ ਯਾਤਰੀ ਅਹਿਮਦਾਬਾਦ, ਅੰਮ੍ਰਿਤਸਰ, ਬੰਗਲੁਰੂ, ਚੰਡੀਗੜ੍ਹ, ਚੇਨਈ, ਹੈਦਰਾਬਾਦ, ਕੋਚੀ, ਲੁਧਿਆਣਾ ਅਤੇ ਵਡੋਦਰਾ ਸਮੇਤ ਭਾਰਤ ਦੇ ਕਈ ਹੋਰ ਸ਼ਹਿਰਾਂ ਨਾਲ ਆਸਾਨੀ ਨਾਲ ਜੁੜ ਸਕਦੇ ਹਨ। ਏਅਰ ਇੰਡੀਆ ਨੇ ਇਹ ਵੀ ਦੱਸਿਆ ਕਿ ਇਸ ਸਰਦੀਆਂ ਵਿੱਚ ਦਿੱਲੀ-ਟੋਰਾਂਟੋ ਰੂਟ 'ਤੇ ਚੱਲਣ ਵਾਲੀਆਂ ਹਫ਼ਤੇ ਵਿੱਚ 10 ਉਡਾਣਾਂ ਵਿੱਚੋਂ 7 ਉਡਾਣਾਂ ਬਿਲਕੁਲ ਨਵੇਂ ਬੋਇੰਗ 787-9 ਜਹਾਜ਼ ਰਾਹੀਂ ਚਲਾਈਆਂ ਜਾਣਗੀਆਂ। ਬਾਕੀ 3 ਉਡਾਣਾਂ ਸ਼ੁਰੂ ਵਿੱਚ ਬੋਇੰਗ 777-300ਈ ਆਰ ਦੁਆਰਾ ਚਲਾਈਆਂ ਜਾਣਗੀਆਂ ਅਤੇ ਜਨਵਰੀ 2027 ਤੋਂ ਨਵੇਂ ਬੋਇੰਗ 787-9 ਵਿੱਚ ਤਬਦੀਲ ਕਰ ਦਿੱਤੀਆਂ ਜਾਣਗੀਆਂ।
ਏਅਰ ਇੰਡੀਆ ਦੇ ਚੀਫ ਕਮਰਸ਼ੀਅਲ ਅਫਸਰ ਨਿਪੁਨ ਅਗਰਵਾਲ ਨੇ ਕਿਹਾ ਕਿ ਇਸ ਸਰਦੀਆਂ ਵਿੱਚ ਮੁੰਬਈ-ਟੋਰਾਂਟੋ ਸੇਵਾ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਹੋਰ ਵੱਧ ਵਿਕਲਪ ਮਿਲਣਗੇ। ਇਸ ਤੋਂ ਇਲਾਵਾ ਏਅਰ ਇੰਡੀਆ ਦੀ ਘੱਟ ਕੀਮਤ ਵਾਲੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਨੇ ਭੋਪਾਲ ਦੇ ਰਾਜਾ ਭੋਜ ਹਵਾਈ ਅੱਡੇ ਤੋਂ ਦਿੱਲੀ ਲਈ ਰੋਜ਼ਾਨਾ ਦੋ ਅਤੇ ਮੁੰਬਈ ਲਈ ਰੋਜ਼ਾਨਾ ਇੱਕ ਉਡਾਣ ਨਾਲ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।

