Delhi: Swine Flu ਦੇ ਸਮੁੱਚੇ ਹਾਲਾਤ ਬਾਰੇ ਸਮੀਖਿਆ
ਕੇਂਦਰੀ ਮੰਤਰੀ ਜੇ ਪੀ ਨੱਡਾ ਨੇ ਦਿੱਲੀ ਸਰਕਾਰ ਤੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ
ਕੇਂਦਰੀ ਸਿਹਤ ਮੰਤਰੀ ਜੇ ਪੀ ਨੱਡਾ ਨੇ ਅੱਜ ਰਾਜਧਾਨੀ ਖੇਤਰ ਦਿੱਲੀ ਦੇ ਸਿਹਤ ਮੰਤਰੀ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਦਿੱਲੀ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਐੱਚ 1 ਐੱਨ 1 ਸਥਿਤੀ ਦੀ ਸਮੀਖਿਆ ਕੀਤੀ।
ਇਹ ਮੀਟਿੰਗ ਦਿੱਲੀ ਵਿੱਚ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਵਾਧੇ ਦੀਆਂ ਰਿਪੋਰਟਾਂ ਦਰਮਿਆਨ ਹੋਈ ਹੈ। ਕੌਮੀ ਰਾਜਧਾਨੀ ’ਚ ਨਮੀ ਕਾਰਨ ਐੱਚ 1 ਐੱਨ 1 ਦੇ ਮਾਮਲੇ ਵਧੇ ਹਨ।
ਸਮੀਖਿਆ ਵਿੱਚ ਮੌਜੂਦਾ ਮਹਾਂਮਾਰੀ ਸਬੰਧੀ ਸਥਿਤੀ, ਸਿਹਤ ਸੰਭਾਲ ਸਹੂਲਤਾਂ ਦੀ ਤਿਆਰੀ, ਡਾਇਗਨੌਸਟਿਕ ਅਤੇ ਇਲਾਜ ਸਹੂਲਤਾਂ ਦੀ ਉਪਲਬਧਤਾ ਅਤੇ ਦਿੱਲੀ ਸਰਕਾਰ ਅਤੇ ਸਿਹਤ ਅਧਿਕਾਰੀਆਂ ਦੁਆਰਾ ਐੱਚ 1 ਐੱਨ 1 ਦੇ ਫੈਲਣ ਦੀ ਨਿਗਰਾਨੀ ਅਤੇ ਰੋਕਥਾਮ ਲਈ ਕੀਤੇ ਜਾ ਰਹੇ ਉਪਾਵਾਂ ਦਾ ਮੁਲਾਂਕਣ ਕੀਤਾ ਗਿਆ।
ਮੌਨਸੂਨ ਖ਼ਤਮ ਹੋਣ ਮਗਰੋਂ ਦਿੱਲੀ ਵਿੱਚ ਮੱਛਰ ਕਾਰਨ ਡੇਂਗੂ ਅਤੇ ਮਲੇਰੀਆ ਫੈਲਦਾ ਹੈ ਤੇ ਨਾਲ ਹੀ ਨਮੀ ਕਾਰਨ ਸਾਹ ਦੀਆਂ ਬਿਮਾਰੀਆਂ ਵੀ ਫੈਲਦੀਆਂ ਹਨ। ਤਾਜ਼ਾ ਰਿਪੋਰਟ ਮੁਤਾਬਕ ਦਿੱਲੀ ਵਿੱਚ ਮੌਜੂਦਾ ਨਮੀ ਅਤੇ ਬਦਲਦੇ ਮੌਸਮੀ ਹਾਲਾਤ ਦਰਮਿਆਨ ਸਵਾਈਨ ਫਲੂ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਸਿਹਤ ਮਾਹਿਰਾਂ ਨੇ ਲੋਕਾਂ ਨੂੰ ਫਲੂ ਵਰਗੇ ਲੱਛਣਾਂ ਪ੍ਰਤੀ ਸੁਚੇਤ ਰਹਿਣ ਅਤੇ ਲੋੜ ਪੈਣ ’ਤੇ ਡਾਕਟਰੀ ਮਦਦ ਲੈਣ ਦੀ ਸਲਾਹ ਦਿੱਤੀ ਹੈ। ਐੱਚ 1 ਐੱਨ 1, ਜਿਸ ਨੂੰ ਆਮ ਤੌਰ ’ਤੇ ਸਵਾਈਨ ਫਲੂ ਕਿਹਾ ਜਾਂਦਾ ਹੈ, ਇਨਫਲੂਐਂਜ਼ਾ ਵਾਇਰਸ ਕਾਰਨ ਹੋਣ ਵਾਲੀ ਸਾਹ ਦੀ ਲਾਗ ਹੈ। ਲੱਛਣਾਂ ਵਿੱਚ ਬੁਖਾਰ, ਖੰਘ, ਗਲੇ ਵਿੱਚ ਖਰਾਸ਼, ਸਰੀਰ ਵਿੱਚ ਦਰਦ, ਸਿਰ ਦਰਦ, ਠੰਢ ਅਤੇ ਥਕਾਵਟ ਹੋ ਸਕਦੀ ਹੈ।
ਕੇਂਦਰੀ ਮੰਤਰੀ ਵੱਲੋਂ ਹਸਪਤਾਲ ਅਤੇ ਸਿਹਤ ਸਹੂਲਤਾਂ ਮਾਮਲਿਆਂ ਵਿੱਚ ਕਿਸੇ ਵੀ ਵਾਧੇ ਨਾਲ ਨਜਿੱਠਣ ਲਈ ਢੁੱਕਵੇਂ ਢੰਗ ਨਾਲ ਤਿਆਰ ਰਹਿਣ ਲਈ ਕਿਹਾ ਗਿਆ ਹੈ। ਮੀਟਿੰਗ ਵਿੱਚ ਦਵਾਈਆਂ, ਟੈਸਟਿੰਗ ਸਹੂਲਤਾਂ ਅਤੇ ਹਸਪਤਾਲ ਦੇ ਬਿਸਤਰਿਆਂ ਦੀ ਉਪਲਬਧਤਾ ਦੀ ਸਮੀਖਿਆ ਕੀਤੀ ਗਈ।
ਨਿਗਮ ਨੇ ਮੱਛਰ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਵਿੱਢੀ
ਦਿੱਲੀ ਨਗਰ ਨਿਗਮ ਨੇ ਦਿੱਲੀ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਵਰਗੀਆਂ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਅੱਜ ਮੇਅਰ ਪਰਵੇਸ਼ ਵਾਹੀ ਨੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ‘ਮੱਛਰ ਟਰਮੀਨੇਟਰ ਟਰੇਨ-2026’ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਨਿਗਮ ਅਤੇ ਉੱਤਰੀ ਰੇਲਵੇ ਵੱਲੋਂ ਇਸ ਸਾਂਝੀ ਮੁਹਿੰਮ ਦੇ ਪਹਿਲੇ ਪੜਾਅ ਤਹਿਤ ਲਗਭਗ 75 ਕਿਲੋਮੀਟਰ ਰੇਲਵੇ ਪਟੜੀਆਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਲਾਰਵਾ ਨਸ਼ਟ ਕਰਨ ਵਾਲੀਆਂ ਦਵਾਈਆਂ ਦਾ ਛਿੜਕਾਅ ਸ਼ੁਰੂ ਕੀਤਾ ਗਿਆ। ਮੇਅਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਰੇਲਵੇ ਪਟੜੀਆਂ ਅਤੇ ਹੋਰ ਥਾਵਾਂ ’ਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਮੱਛਰਾਂ ਦਾ ਪ੍ਰਜਨਣ ਵਧ ਜਾਂਦਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਅਜਿਹੇ ਖੇਤਰਾਂ ਵਿੱਚ ਮੱਛਰਾਂ ਦੇ ਪ੍ਰਜਨਣ ਚੱਕਰ ਨੂੰ ਸ਼ੁਰੂਆਤੀ ਪੜਾਅ ’ਤੇ ਰੋਕਣਾ ਹੈ।

