Delhi: CNG ਸਟੇਸ਼ਨ ’ਤੇ ਟਰੱਕ ਦਾ ਗੈਸ ਸਿਲੰਡਰ ਫਟਣ ਕਾਰਨ 1 ਦੀ ਮੌਤ; 5 ਜ਼ਖ਼ਮੀ
ਧਮਾਕੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਦਿੱਲੀ ਦੇ ਟਿਕਰੀ ਕਲਾਂ ਵਿੱਚ ਇੱਕ ਸੀ.ਐੱਨ.ਜੀ. ਸਟੇਸ਼ਨ ’ਤੇ ਗੈਸ ਭਰਨ ਸਮੇਂ ਇੱਕ ਟਰੱਕ ਦਾ ਗੈਸ ਸਿਲੰਡਰ ਫਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਦਿੱਲੀ ਫ਼ਾਇਰ ਸਰਵਿਸ ਨੇ ਇਹ ਜਾਣਕਾਰੀ ਦਿੱਤੀ।
ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕ ਹਸਪਤਾਲ ਦਾਖ਼ਲ
ਫ਼ਾਇਰ ਸਰਵਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਸਮੇਂ ਆਸ-ਪਾਸ ਖੜ੍ਹੇ ਛੇ ਵਿਅਕਤੀਆਂ ਚੋਂ ਇੱਕ ਦੀ ਮੌਤ ਹੋ ਗਈ ਜਦਿਕ ਬਾਕੀ 5 ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ।
ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਨੂੰ ਕੀਤਾ ਕਾਬੂ
ਦਿੱਲੀ ਫ਼ਾਇਰ ਸਰਵਿਸ ਨੂੰ ਇਸ ਘਟਨਾ ਬਾਰੇ ਫੋਨ ਆਇਆ, ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀਆਂ ਛੇ ਗੱਡੀਆਂ ਨੂੰ ਤੁਰੰਤ ਮੌਕੇ ਲਈ ਰਵਾਨਾ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਧਮਾਕੇ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਇਸ ਘਟਨਾ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਫ਼ਾਇਰ ਸਰਵਿਸ ਦੇ ਕਰਮਚਾਰੀਆਂ ਨੇ ਮੌਕੇ ’ਤੇ ਲੋੜੀਂਦੇ ਸਾਵਧਾਨੀ ਉਪਾਅ ਕੀਤੇ ਅਤੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ। ਜ਼ਖ਼ਮੀਆਂ ਦੀ ਹਾਲਤ ਬਾਰੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

