Delhi SIR: ਚੋਣ ਕਮਿਸ਼ਨਰ SS Sandhu ਦੇ ਨਾਂ ਦਾ ਰੇੜਕਾ ਨੋਟਿਸ ਦਿੱਤੇ ਬਿਨਾਂ ਹੀ ਹੱਲ
Delhi SIR Sandhu: ਸੰਧੂ ਵੱਲੋਂ ਦਿੱਤੇ ਵੇਰਵਿਆਂ ਅਤੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ: ਜ਼ਿਲ੍ਹਾ ਚੋਣ ਅਧਿਕਾਰੀ
Delhi SIR Sandhu: ਦਿੱਲੀ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਤਹਿਤ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਦੇ ਨਾਂ ਵਿੱਚ ਫਰਕ ਸੀ ਪਰ ਦਸਤਾਵੇਜ਼ਾਂ ਦੀ ਤਸਦੀਕ ਤੋਂ ਬਾਅਦ ਹੁਣ ਉਨ੍ਹਾਂ ਦਾ ਨਾਂ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕਰ ਲਿਆ ਜਾਵੇਗਾ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਮਾਮਲੇ ’ਤੇ ਸਫਾਈ ਦਿੱਤੀ।
ਨਵੀਂ ਮੋਤੀ ਬਾਗ ਦੇ ਵਸਨੀਕ ਸੰਧੂ ਦਿੱਲੀ ਕੈਂਟ ਵਿਧਾਨ ਸਭਾ ਹਲਕੇ ਦੇ ਵੋਟਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸਾਬਕਾ ਆਈਏਐੱਸ ਅਧਿਕਾਰੀ ਸੰਧੂ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੂੰ ਨਾਂ ਵਿੱਚ ਅੰਤਰ ਕਾਰਨ ਨੋਟਿਸ ਜਾਰੀ ਕਰਨ ਦੀ ਤਿਆਰੀ ਸੀ।
ਉਨ੍ਹਾਂ ਨੇ ਗਿਣਤੀ ਫਾਰਮ ਵਿੱਚ ਆਪਣਾ ਨਾਂ ਡਾ. ਐੱਸ ਐੱਸ ਸੰਧੂ ਲਿਖਿਆ ਸੀ, ਜਦਕਿ ਵੋਟਰ ਸੂਚੀ ਵਿੱਚ ਉਨ੍ਹਾਂ ਦਾ ਨਾਂ ਸੁਖਬੀਰ ਸਿੰਘ ਸੰਧੂ ਦਰਜ ਹੈ।
ਵਿਵਾਦ ਦੇ ਦਰਮਿਆਨ ਜ਼ਿਲ੍ਹਾ ਚੋਣ ਅਧਿਕਾਰੀ (ਡੀਈਓ) ਨੇ ਸੋਸ਼ਲ ਮੀਡੀਆ ’ਤੇ ਜਾਰੀ ਪੋਸਟ ਵਿੱਚ ਕਿਹਾ ਕਿ ਸੰਧੂ ਵੱਲੋਂ ਦਿੱਤੇ ਵੇਰਵਿਆਂ, ਤੱਥਾਂ ਅਤੇ ਦਸਤਾਵੇਜ਼ਾਂ ਦੀ ਵਿਧੀਵਤ ਜਾਂਚ ਕੀਤੀ ਗਈ ਹੈ।
ਪੋਸਟ ਵਿੱਚ ਕਿਹਾ ਗਿਆ, “ਭਾਰਤ ਦੇ ਚੋਣ ਕਮਿਸ਼ਨਰ ਡਾ. ਐੱਸ ਐੱਸ ਸੰਧੂ ਨਾਲ ਸਬੰਧਤ ਵੋਟਰ ਐਂਟਰੀ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਅਤੇ ਇਸ ਨੂੰ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਰੱਖਿਆ ਗਿਆ ਹੈ, ਜਿਸ ਦਾ ਅਧਿਕਾਰਤ ਪ੍ਰਕਾਸ਼ਨ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕਾਰਜਕ੍ਰਮ ਮੁਤਾਬਕ 4 ਨਵੰਬਰ ਨੂੰ ਹੋਵੇਗਾ।”
ਅਧਿਕਾਰੀਆਂ ਮੁਤਾਬਕ ਸੰਧੂ ਨੂੰ ਨੋਟਿਸ ਜਾਰੀ ਕਰਨ ਲਈ ਮਾਰਕ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਕੋਈ ਨੋਟਿਸ ਨਹੀਂ ਭੇਜਿਆ ਗਿਆ। ਸਥਾਨਕ ਬੂਥ ਪੱਧਰੀ ਅਧਿਕਾਰੀ (ਬੀਐੱਲਓ) ਅਤੇ ਖੇਤਰੀ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਨੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਨਾਂ ਵਿੱਚ ਮੌਜੂਦ ਫਰਕ ਨੂੰ ਦੂਰ ਕੀਤਾ।
ਚੋਣ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਵੋਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਦੀਆਂ ਐਂਟਰੀਆਂ ਪਿਛਲੀ ਵੋਟਰ ਸੂਚੀ ਨਾਲ ਨਹੀਂ ਮਿਲ ਰਹੀਆਂ ਜਾਂ ਜਿਨ੍ਹਾਂ ਦੇ ਵੇਰਵਿਆਂ ਵਿੱਚ ਤਰਕਸੰਗਤ ਅੰਤਰ ਪਾਇਆ ਗਿਆ ਹੈ।
ਨੋਟਿਸ ਪ੍ਰਾਪਤ ਕਰਨ ਵਾਲੇ ਵੋਟਰ ਸਬੰਧਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ (ਈਆਰਓ) ਕੋਲ ਆਪਣਾ ਜਵਾਬ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਸਕਦੇ ਹਨ।
ਡੀਈਓ ਨੇ ਦੱਸਿਆ ਕਿ ਬੀਐੱਲਓ ਵੱਲੋਂ ਕੀਤੀ ਜਾਣ ਵਾਲੀ ਜਾਂਚ ਅਤੇ ਪੇਸ਼ ਕੀਤੇ ਦਸਤਾਵੇਜ਼ਾਂ ਦੇ ਆਧਾਰ ’ਤੇ 29 ਅਕਤੂਬਰ ਤੱਕ ਇਨ੍ਹਾਂ ਨੋਟਿਸਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਡੀਈਓ ਦੀ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਹੈ, “ਭਾਰਤੀ ਚੋਣ ਕਮਿਸ਼ਨ ਦੀਆਂ ਮਿਆਰੀ ਕਾਰਜ ਪ੍ਰਕਿਰਿਆਵਾਂ (ਐੱਸਓਪੀਜ਼) ਅਨੁਸਾਰ ਨੋਟਿਸ ਜਾਰੀ ਕੀਤੇ ਗਏ ਹਨ, ਤਾਂ ਜੋ ਨਿਰਧਾਰਤ ਦਸਤਾਵੇਜ਼-ਆਧਾਰਿਤ ਜਾਂਚ ਬੂਥ ਪੱਧਰੀ ਅਧਿਕਾਰੀ ਵੱਲੋਂ ਕੀਤੀ ਜਾ ਸਕੇ ਅਤੇ ਉਸ ਤੋਂ ਬਾਅਦ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਵੱਲੋਂ ਮਾਮਲੇ ਦਾ ਨਿਪਟਾਰਾ ਕੀਤਾ ਜਾ ਸਕੇ।”
ਪੀਟੀਆਈ

