Delhi Pollution:ਦਿੱਲੀ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ’ਚ
ਹਵਾ ਗੁਣਵੱਤਾ ਸੂਚਕ ਅੰਕ 484 ਦਰਜ; ਪ੍ਰਦੂਸ਼ਣ ਘਟਾਉਣ ਲਈ ‘ਗਰੈਪ’ ਦਾ ਦੂਜਾ ਪਡ਼ਾਅ ਲਾਗੂ
ਦੀਵਾਲੀ ਤੋਂ ਪਹਿਲਾਂ ਦਿੱਲੀ ਦੀ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਪਹੁੰਚ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੱਜ ਸਵੇਰੇ ਰੋਹਿਣੀ ਦੇ ਸੈਕਟਰ 30 ਵਿੱਚ ਹਵਾ ਗੁਣਵੱਤਾ ਬਹੁਤ ਖਰਾਬ ਰਹੀ। ਇੱਥੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) 484 ਦਰਜ ਕੀਤਾ ਗਿਆ। ਇਸੇ ਤਰ੍ਹਾਂ ਜਹਾਂਗੀਰਪੁਰੀ ਵਿੱਚ ਵਿੱਚ ਏ ਕਿਊ ਆਈ 452 ਦਰਜ ਕੀਤਾ ਗਿਆ। ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਦਿੱਲੀ ਦੇ 57 ਨਿਗਰਾਨੀ ਕੇਂਦਰਾਂ ’ਚੋਂ ਅੱਠ ’ਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ, ਜਦੋਂ ਕਿ 32 ਕੇਂਦਰਾਂ ’ਚ ਇਹ ਬਹੁਤ ਖਰਾਬ ਰਹੀ। ਹਵਾ ਗੁਣਵੱਤਾ ਵਿੱਚ ਗਿਰਾਵਟ ਦਰਮਿਆਨ ਦਿੱਲੀ ਦੇ ਮੁੱਖ ਮੌਸਮ ਕੇਂਦਰ ਸਫਦਰਜੰਗ ਵਿੱਚ ਘੱਟ ਤੋਂ ਘੱਟ ਤਾਪਮਾਨ 16.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਔਸਤ ਤਾਪਮਾਨ ਨਾਲੋਂ 1.1 ਡਿਗਰੀ ਵੱਧ ਹੈ। ਪਾਲਮ ਕੇਂਦਰ ਵਿੱਚ ਘੱਟ ਤੋਂ ਘੱਟ ਤਾਪਮਾਨ 16.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਪ੍ਰਦੂਸ਼ਣ ਵਧਣ ਦੇ ਮੱਦੇਨਜ਼ਰ ਦਿੱਲੀ ਵਿੱਚ ‘ਗਰੈਪ’ ਦਾ ਦੂਜਾ ਪੜਾਅ ਲਾਗੂ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸ਼ਹਿਰ ਵਿੱਚ ਧੂੰਏਂ ਦੀ ਇੱਕ ਪਰਤ ਛਾਈ ਹੋਈ ਸੀ ਅਤੇ ਹਵਾ ਦੀ ਗਤੀ 6 ਕਿਲੋਮੀਟਰ ਪ੍ਰਤੀ ਘੰਟਾ ਤੋਂ ਘੱਟ ਸੀ। ਰਿਪੋਰਟਾਂ ਅਨੁਸਾਰ ਮੰਗਲਵਾਰ ਸਵੇਰੇ ਨਵੀਂ ਦਿੱਲੀ ਦੁਨੀਆ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ਵਿੱਚ 18ਵੇਂ ਸਥਾਨ ’ਤੇ ਸੀ। ਸਵੇਰੇ 8 ਵਜੇ ਦਿੱਲੀ ਦਾ ਸਮੁੱਚਾ ਹਵਾ ਗੁਣਵੱਤਾ ਸੂਚਕ ਅੰਕ 451 ਤੱਕ ਪਹੁੰਚ ਗਿਆ, ਜੋ ਕਿ ਹਵਾ ਦੀ ‘ਖ਼ਤਰਨਾਕ’ ਗੁਣਵੱਤਾ ਨੂੰ ਦਰਸਾਉਂਦਾ ਹੈ। ਇਸ ਨਾਲ ਪੂਰੇ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਲੈ ਕੇ ਚਿੰਤਾਵਾਂ ਪੈਦਾ ਹੋ ਗਈਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਕਈ ਸਟੇਸ਼ਨ ਗੰਭੀਰ ਸ਼੍ਰੇਣੀ ਵਿੱਚ ਹਨ ਅਤੇ ਕਈ ਹੋਰ ਬਹੁਤ ਖਰਾਬ ਵਰਗ ਵਾਲੇ ਪ੍ਰਦੂਸ਼ਣ ਦੀ ਮਾਰ ਹੇਠ ਹਨ। ਸੋਮਵਾਰ ਨੂੰ ਪ੍ਰਦੂਸ਼ਣ ਵਿੱਚ ਤੇਜ਼ੀ ਨਾਲ ਹੋਏ ਵਾਧੇ ਤੋਂ ਬਾਅਦ, ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ ਨੇ ਪੂਰੇ ਐੱਨ ਸੀ ਆਰ ਵਿੱਚ ਤੁਰੰਤ ਪ੍ਰਭਾਵ ਨਾਲ ‘ਗਰੈਪ’ ਦਾ ਦੂਜਾ ਪੜਾਅ ਲਾਗੂ ਕਰ ਦਿੱਤਾ ਹੈ।

