ਦਿੱਲੀ ਪੁਲੀਸ ਦੇ ਅਧਿਕਾਰੀ ਨੂੰ ਡੀ ਸੀ ਪੀ ਦਾ ਚਾਰਜ ਦੇਣ ’ਤੇ ਰੋਕ ਲੱਗੀ
ਦਿੱਲੀ ਸਰਕਾਰ ਨੇ ਕਿਹਾ ਹੈ ਕਿ ਸਹਾਇਕ ਪੁਲੀਸ ਕਮਿਸ਼ਨਰ ਵਿਵੇਕ ਭਗਤ, ਜਿਸ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰੋਸ ਮੁਜ਼ਾਹਰੇ ਦੌਰਾਨ ਮਹਿਲਾ ਪੱਤਰਕਾਰ ਨਾਲ ਜਿਨਸੀ ਛੇੜਛਾੜ ਕਰਨ ਦਾ ਦੋਸ਼ ਹੈ, ਨੂੰ ਵਧੀਕ ਡਿਪਟੀ ਕਮਿਸ਼ਨਰ ਦਾ ਡਿਊਟੀ ਚਾਰਜ (ਸੀ ਡੀ...
ਦਿੱਲੀ ਸਰਕਾਰ ਨੇ ਕਿਹਾ ਹੈ ਕਿ ਸਹਾਇਕ ਪੁਲੀਸ ਕਮਿਸ਼ਨਰ ਵਿਵੇਕ ਭਗਤ, ਜਿਸ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖ਼ਿਲਾਫ਼ ਰੋਸ ਮੁਜ਼ਾਹਰੇ ਦੌਰਾਨ ਮਹਿਲਾ ਪੱਤਰਕਾਰ ਨਾਲ ਜਿਨਸੀ ਛੇੜਛਾੜ ਕਰਨ ਦਾ ਦੋਸ਼ ਹੈ, ਨੂੰ ਵਧੀਕ ਡਿਪਟੀ ਕਮਿਸ਼ਨਰ ਦਾ ਡਿਊਟੀ ਚਾਰਜ (ਸੀ ਡੀ ਸੀ) ਦੇਣ ਦੇ ਹੁਕਮਾਂ ਨੂੰ ਰੋਕ ਦਿੱਤਾ ਗਿਆ ਹੈ। ਸਰਕਾਰ ਨੇ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ ਕਿ ਭਗਤ, ਜਿਨ੍ਹਾਂ ਨੂੰ ਸੋਮਵਾਰ ਨੂੰ ਵਧੀਕ ਡੀ ਸੀ ਪੀ ਦਾ ਡਿਊਟੀ ਚਾਰਜ ਦਿੱਤਾ ਗਿਆ ਸੀ, ਨੇ ‘ਆਪਣੀ ਮਰਜ਼ੀ ਨਾਲ’ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਮਹਿਲਾ ਪੱਤਰਕਾਰਾਂ ਨਾਲ ਕਥਿਤ ਜਿਨਸੀ ਛੇੜਛਾੜ ਦੀ ਜਾਂਚ ‘ਤਸੱਲੀਬਖ਼ਸ਼ ਢੰਗ ਨਾਲ ਪੂਰੀ’ ਨਹੀਂ ਹੋ ਜਾਂਦੀ, ਉਦੋਂ ਤੱਕ ਉਹ ਇਹ ਚਾਰਜ ਨਹੀਂ ਲੈਣਗੇ।
ਸਰਕਾਰ ਨੇ ਕਿਹਾ ਕਿ ਇਸ ਕਰ ਕੇ ਪਹਿਲੇ ਹੁਕਮਾਂ ਵਿੱਚ ਸੋਧ ਕੀਤੀ ਜਾ ਰਹੀ ਹੈ ਅਤੇ ਬਾਕੀ 11 ਅਧਿਕਾਰੀਆਂ ਨੂੰ ਸੀ ਡੀ ਸੀ ਸੌਂਪਣ ਲਈ ਨਵੇਂ ਹੁਕਮ ਜਾਰੀ ਕੀਤੇ ਜਾਣਗੇ। ਦਿੱਲੀ ਸਰਕਾਰ ਨੇ ਸਪੱਸ਼ਟ ਕੀਤਾ ਕਿ ਭਗਤ ਸਮੇਤ 12 ਅਧਿਕਾਰੀਆਂ ਨੂੰ ਵਾਧੂ ਡਿਊਟੀ ਚਾਰਜ ਦੇਣ ਦੀ ਤਜਵੀਜ਼ ‘ਮੌਜੂਦਾ ਘਟਨਾਵਾਂ ਤੋਂ ਬਹੁਤ ਪਹਿਲਾਂ’ 25 ਅਗਸਤ ਨੂੰ ਰੱਖੀ ਗਈ ਸੀ, ਅਤੇ ਇਹ ਹੁਕਮ 5 ਅਕਤੂਬਰ ਨੂੰ ਬਾਕਾਇਦਾ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੇ ਗਏ ਸਨ। ਇਸ ਤੋਂ ਪਹਿਲਾਂ ਸੋਮਵਾਰ ਨੂੰ, ਵਿਵੇਕ ਭਗਤ ਨੂੰ ਡੀ ਸੀ ਪੀ ਵਜੋਂ ਤਾਇਨਾਤ ਕਰਨ ’ਤੇ ਤਿੱਖੀ ਪ੍ਰਤੀਕਿਰਿਆ ਆਈ ਸੀ। ਇਸੇ ਦੌਰਾਨ ਦਿੱਲੀ ਪੁਲੀਸ ਨੇ ਅੱਜ ਦੱਸਿਆ ਕਿ ਕਥਿਤ ਜਿਨਸੀ ਛੇੜਛਾੜ ਦੀ ਫ਼ਰਜ਼ੀ ਵੀਡੀਓ ਵਾਇਰਲ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ 24 ਸਾਲਾ ਨੌਜਵਾਨ ਨੇ ਖ਼ੁਦ ਨੂੰ ਆਜ਼ਾਦ ਪੱਤਰਕਾਰ ਦੱਸਿਆ ਸੀ ਅਤੇ ਉਹ ਲਗਪਗ 24,000 ਫਾਲੋਅਰਜ਼ ਵਾਲਾ ਇੰਸਟਾਗ੍ਰਾਮ ਅਕਾਊਂਟ ਚਲਾ ਰਿਹਾ ਸੀ। ਪੁਲੀਸ ਨੇ ਦੱਸਿਆ ਕਿ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੇ ਰਹਿਣ ਵਾਲੇ ਨਦੀਮ ਅਹਿਮਦ ਅਮੀਨ ਨੂੰ ਸੋਮਵਾਰ ਨੂੰ ਮੇਵਾਤ ਖੇਤਰ ਤੋਂ ਕਾਬੂ ਕੀਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਕੀ ਇਹ ਘਟਨਾ ਦਿੱਲੀ ਪੁਲੀਸ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਲੋਕਾਂ ਨੂੰ ਸਰਕਾਰ ਵਿਰੁੱਧ ਕਰਨ ਲਈ ਕਿਸੇ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਸੀ। -ਪੀਟੀਆਈ

