Jantar Mantar Protest: ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਦੀ ਕਿਲੇਬੰਦੀ
ਕੌਕਰੋਚ ਜਨਤਾ ਪਾਰਟੀ ਨੂੰ ਜੰਤਰ ਮੰਤਰ ’ਤੇ ਤਜਵੀਜ਼ਸ਼ੁਦਾ ਧਰਨੇ ਪ੍ਰਦਰਸ਼ਨ ਲਈ ਨਾਂਹ; 25 ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ; 57 ਮੈਟਰੋ ਸਟੇਸ਼ਨ ਬੰਦ; ਸੰਵੇਦਨਸ਼ੀਲ ਥਾਵਾਂ ’ਤੇ ਗਸ਼ਤ ਵਧਾਈ; ਜੰਤਰ ਮੰਤਰ ਦੇ ਚਾਰ ਕਿਲੋਮੀਟਰ ਦੇ ਘੇਰੇ ’ਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ
Jantar Mantar Protest: ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਨੂੰ ਜੰਤਰ ਮੰਤਰ ਉੱਤੇ ਸ਼ਨਿੱਚਰਵਾਰ ਲਈ ਤਜਵੀਜ਼ਸ਼ੁਦਾ ਧਰਨੇ ਪ੍ਰਦਰਸ਼ਨਾਂ ਲਈ ਨਾਂਹ ਕਹਿਣ ਮਗਰੋਂ ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਦੀ ਕਿਲੇਬੰਦੀ ਕਰ ਦਿੱਤੀ ਹੈ। ਪੁਲੀਸ ਤੇ ਨੀਮ ਫੌਜੀ ਬਲਾਂ ਦੇ 25000 ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਅਤੇ 57 ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਹਨ। ਜੰਤਰ ਮੰਤਰ ਦੇ ਚਾਰ ਕਿਲੋਮੀਟਰ ਦੇ ਘੇੇਰੇ ਵਿੱਚ ਅਗਲੇ 24 ਘੰਟਿਆਂ ਲਈ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰਹਿਣਗੀਆਂ। ਦਿੱਲੀ ਦੇ ਸਰਹੱਦੀ ਨਾਕਿਆਂ, ਰੇਲਵੇ ਸਟੇਸ਼ਨਾਂ, ਬੱਸ ਟਰਮੀਨਲਾਂ, ਹੋਟਲਾਂ ਤੇ ਹੋਰ ਸੰਵੇਦਨਸ਼ੀਲ ਥਾਵਾਂ ਉੱਤੇ ਗਸ਼ਤ ਵਧਾ ਦਿੱਤੀ ਹੈ। ਪੁਲੀਸ ਵੱਲੋਂ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ ਤੇ 200 ਤੋਂ ਵੱਧ ਕੰਟੈਂਟ ਕ੍ਰਿਏਟਰ ਜਾਂਚ ਦੇ ਘੇਰੇ ਵਿੱਚ ਹਨ। ਸ਼ਨਿੱਚਰਵਾਰ ਸਵੇਰੇ 6 ਵਜੇ ਤੋਂ ਦਿੱਲੀ ਵਿੱਚ ਵਾਹਨਾਂ ਦੇ ਦਾਖਲੇ ਉੱਤੇ ਵੀ ਪਾਬੰਦੀ ਲਾਉਣ ਦੇ ਆਸਾਰ ਹਨ।
ਵਿਖਾਵਾਕਾਰੀਆਂ ਨੂੰ ਜੰਤਰ ਮੰਤਰ ਉੱਤੇ ਅਣਅਧਿਕਾਰਤ ਧਰਨੇ ਪ੍ਰਦਰਸ਼ਨਾਂ ਤੋਂ ਰੋਕਣ ਅਤੇ ਵੱਡੀ ਗਿਣਤੀ ਲੋਕਾਂ ਦੇ ਇਕੱਠੇ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਅਮਨ ਕਾਨੂੰਨ ਬਣਾਈ ਰੱਖਣ ਦੇ ਇਰਾਦੇ ਨਾਲ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਜੁਆਇੰਟ ਕਮਿਸ਼ਨਰ ਨੁਪੁਰ ਪ੍ਰਸਾਦ ਨੇ ਕਿਹਾ ਕਿ ਪੁਲੀਸ ਨੇ ਪ੍ਰੋਗਰਾਮ ਬਾਰੇ ਸਮੇਂ ਸਿਰ ਅਗਾਊਂ ਜਾਣਕਾਰੀ ਨਾ ਦੇਣ ਅਤੇ ਪਿਛਲੇ ਪ੍ਰਦਰਸ਼ਨ ਦੌਰਾਨ ਨੇਮਾਂ ਤੇ ਹਦਾਇਤਾਂ ਦੀ ਕਥਿਤ ਉਲੰਘਣਾ ਦਾ ਹਵਾਲਾ ਦਿੰਦਿਆਂ 10 ਅਕਤੂਬਰ ਦੇ ਧਰਨੇ ਲਈ ਇਜਾਜ਼ਤ ਦੇਣ ਤੋਂ ਨਾਂਹ ਕਰ ਦਿੱਤੀ ਹੈ। ਨੇਮਾਂ ਮੁਤਾਬਕ ਕਿਸੇ ਵੀ ਧਰਨੇ ਲਈ ਘੱਟੋ-ਘੱਟ ਦਸ ਦਿਨ ਪਹਿਲਾਂ ਸੂਚਿਤ ਕਰਨਾ ਹੁੰਦਾ ਹੈ। ਸੁਰੱਖਿਆ ਪ੍ਰਬੰਧਾਂ ਦੀ ਕੜੀ ਵਿੱਚ ਦਿੱਲੀ ਪੁਲੀਸ ਨੇ ਕਈ ਥਾਵਾਂ ਉੱਤੇ ਮੌਕ ਡਰਿੱਲ ਕੀਤੀ ਹੈ। ਸੁਰੱਖਿਆ ਪ੍ਰਬੰਧਾਂ ਲਈ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀਆਂ 120 ਤੋਂ ਵੱਧ ਕੰਪਨੀਆਂ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ।
ਨਵੀਂ ਦਿੱਲੀ, ਨਿਜ਼ਾਮੂਦੀਨ ਆਉਣ ਵਾਲੀਆਂ 38 ਰੇਲਗੱਡੀਆਂ ਰੱਦ
ਨਵੀਂ ਦਿੱਲੀ/ਮੁੰਬਈ: ਇਥੇ ਹਜ਼ਰਤ ਨਿਜ਼ਾਮੂਦੀਨ ਤੇ ਨਵੀਂ ਦਿੱਲੀ ਰੇਲਵੇ ਸਟੇਸ਼ਨਾਂ ’ਤੇ ਸ਼ਨਿੱਚਰਵਾਰ ਨੂੰ ਤੜਕੇ 4 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਹੋਰਨਾਂ ਰਾਜਾਂ ਤੋਂ ਆਉਣ ਤੇ ਇਥੋਂ ਚੱਲਣ ਵਾਲੀਆਂ 38 ਰੇਲਗੱਡੀਆਂ ਰੱਦ ਰਹਿਣਗੀਆਂ। ਦਿੱਲੀ ਦੇ ਹੋਰਨਾਂ ਸਟੇਸ਼ਨਾਂ ਤੋਂ ਰੇਲਗੱਡੀਆਂ ਦੀ ਆਵਾਜਾਈ ਆਮ ਵਾਂਗ ਜਾਰੀ ਰਹੇਗੀ। ਕੇਂਦਰੀ ਤੇ ਪੱਛਮੀ ਰੇਲਵੇ ਨੇ ਮੁੰਬਈ ਤੋਂ ਨਵੀਂ ਦਿੱਲੀ ਲਈ ਲੰਮੀ ਦੂਰੀ ਵਾਲੀਆਂ ਕਈ ਰੇਲਗੱਡੀਆਂ ਰੱਦ ਜਾਂ ਰੀਸ਼ਡਿਊਲ ਕਰ ਦਿੱਤੀਆਂ ਹਨ। -ਪੀਟੀਆਈ

