CJP ਦੇ ਸੰਸਦ ਮਾਰਚ ਨੂੰ ਦੇਖਦਿਆਂ ਦਿੱਲੀ ਪੁਲੀਸ ਨੇ ਸੁਰੱਖਿਆ ਵਧਾਈ
ਸੀ ਜੇ ਪੀ ਨੇ ਅਜੇ ਤੱਕ ਪ੍ਰਸਤਾਵਿਤ ਸੰਸਦ ਮਾਰਚ ਲਈ ਇਜਾਜ਼ਤ ਨਹੀਂ ਮੰਗੀ: ਸੂਤਰ
ਭੁੱਖ ਹੜਤਾਲ 'ਤੇ ਬੈਠੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੂੰ ਜ਼ਬਰਦਸਤੀ ਹਸਪਤਾਲ ਲਿਜਾਏ ਜਾਣ ਤੋਂ ਬਾਅਦ, ਸੋਮਵਾਰ ਨੂੰ ਪ੍ਰਸਤਾਵਿਤ 'ਕਾਕਰੋਚ ਜਨਤਾ ਪਾਰਟੀ' ਦੇ ਸੰਸਦ ਮਾਰਚ ਤੋਂ ਪਹਿਲਾਂ ਪੁਲੀਸ ਨੇ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਤਹਿਤ 24 ਘੰਟੇ ਨਿਗਰਾਨੀ ਅਤੇ ਵਾਹਨਾਂ ਦੀ ਚੈਕਿੰਗ ਨੂੰ ਤੇਜ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਵਾਧੂ ਪੁਲੀਸ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ।
ਸੂਤਰਾਂ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਤੋਂ ਰੋਕਣ ਲਈ ਪੁਲੀਸ ਨੇ ਨਵੀਂ ਦਿੱਲੀ ਜ਼ਿਲ੍ਹੇ ਵਿੱਚ ਦਾਖ਼ਲ ਹੋਣ ਵਾਲੇ ਮੁੱਖ ਰਸਤਿਆਂ ਨੂੰ ਉੱਚ ਸੁਰੱਖਿਆ ਖੇਤਰ ਵਿੱਚ ਬਦਲ ਦਿੱਤਾ ਹੈ, ਜਿੱਥੇ ਮਜ਼ਬੂਤ ਬੈਰੀਕੇਡਿੰਗ, ਗੱਡੀਆਂ ਦੀ ਸਖ਼ਤ ਚੈਕਿੰਗ ਅਤੇ ਹੋਰ ਪੁਲੀਸ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ।
ਪੁਲੀਸ ਦੇ ਇੱਕ ਸੀਨੀਅਰ ਸੂਤਰ ਨੇ ਦੱਸਿਆ ਕਿ 20 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਪ੍ਰਸਤਾਵਿਤ 'ਚਲੋ ਸੰਸਦ' ਮਾਰਚ ਨੂੰ ਦੇਖਦੇ ਹੋਏ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਸੂਤਰ ਨੇ ਇਹ ਵੀ ਦੱਸਿਆ ਕਿ ਸੀ ਜੇ ਪੀ ਨੇ ਅਜੇ ਤੱਕ ਪ੍ਰਸਤਾਵਿਤ ਸੰਸਦ ਮਾਰਚ ਲਈ ਇਜਾਜ਼ਤ ਨਹੀਂ ਮੰਗੀ ਹੈ।
ਸੂਤਰ ਨੇ ਕਿਹਾ, "ਜੇਕਰ ਪ੍ਰਬੰਧਕ ਇਜਾਜ਼ਤ ਲਈ ਅਪਲਾਈ ਵੀ ਕਰਦੇ ਹਨ, ਤਾਂ ਵੀ ਇਸ ਦੀ ਸੰਭਾਵਨਾ ਘੱਟ ਹੈ ਕਿ ਉਨ੍ਹਾਂ ਨੂੰ ਇਜਾਜ਼ਤ ਮਿਲੇਗੀ, ਕਿਉਂਕਿ ਉਸ ਸਮੇਂ ਸੰਸਦ ਦਾ ਮੌਨਸੂਨ ਸੈਸ਼ਨ ਚੱਲ ਰਿਹਾ ਹੋਵੇਗਾ ਅਤੇ ਸੰਸਦ ਦੇ ਆਸ-ਪਾਸ ਸੁਰੱਖਿਆ ਪ੍ਰੋਟੋਕੋਲ ਆਪਣੇ ਉੱਚੇ ਪੱਧਰ 'ਤੇ ਹੋਣਗੇ।"
ਸੂਤਰਾਂ ਨੇ ਦੱਸਿਆ ਕਿ ਪੁਲੀਸ ਸੰਸਦ ਵੱਲ ਕਿਸੇ ਵੀ ਅਣਅਧਿਕਾਰਤ ਮਾਰਚ ਦੀ ਇਜਾਜ਼ਤ ਨਾ ਦੇਣ ਲਈ ਦ੍ਰਿੜ ਹੈ ਅਤੇ ਇਹ ਯਕੀਨੀ ਬਣਾਉਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਕਿ ਪ੍ਰਦਰਸ਼ਨਕਾਰੀਆਂ ਨੂੰ ਉੱਚ ਸੁਰੱਖਿਆ ਖੇਤਰ ਤੱਕ ਪਹੁੰਚਣ ਤੋਂ ਪਹਿਲਾਂ ਹੀ ਰੋਕ ਦਿੱਤਾ ਜਾਵੇ।
ਸੂਤਰ ਨੇ ਕਿਹਾ, "ਨਵੀਂ ਦਿੱਲੀ ਜ਼ਿਲ੍ਹੇ ਵਿੱਚ ਆਉਣ ਵਾਲੇ ਹਰ ਵਾਹਨ ਦੀ ਸਖ਼ਤੀ ਨਾਲ ਚੈਕਿੰਗ ਕੀਤੀ ਜਾਵੇਗੀ। ਅਹਿਮ ਥਾਵਾਂ 'ਤੇ ਵਾਧੂ ਬੈਰੀਕੇਡ ਲਗਾਏ ਗਏ ਹਨ, ਨਿਗਰਾਨੀ ਵਧਾਈ ਗਈ ਹੈ ਅਤੇ ਪੁਲੀਸ ਮੁਲਾਜ਼ਮਾਂ ਨੂੰ ਨਵੀਂ ਦਿੱਲੀ, ਕੇਂਦਰੀ ਦਿੱਲੀ ਅਤੇ ਉੱਤਰੀ ਦਿੱਲੀ ਵਿੱਚ 24 ਘੰਟੇ ਸਖ਼ਤ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।"

