ਦਿੱਲੀ ਪੁਲੀਸ ਨੇ ਸਰਕਾਰੀ ਪ੍ਰੀਖਿਆਵਾਂ ਵਿੱਚ ਪੇਪਰ ਲੀਕ ਅਤੇ ਧਾਂਦਲੀਆਂ ਨਾਲ ਸਬੰਧਤ ਅਪਰਾਧਾਂ ਦੀ ਜਾਂਚ ਲਈ ਇੱਕ ਵਿਸ਼ੇਸ਼ ਟਾਸਕ ਫੋਰਸ (STF) ਦਾ ਗਠਨ ਕੀਤਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਅਧਿਕਾਰੀਆਂ ਨੇ ਦਿੱਤੀ।
ਇਸ ਦੀ ਅਗਵਾਈ ਕ੍ਰਾਈਮ ਬਰਾਂਚ ਯੂਨਿਟ ਦੇ ਡਿਪਟੀ ਕਮਿਸ਼ਨਰ ਆਫ਼ ਪੁਲੀਸ (DCP) ਰੈਂਕ ਦੇ ਅਧਿਕਾਰੀ ਕਰਨਗੇ।
ਸ਼ੁੱਕਰਵਾਰ ਨੂੰ ਜਾਰੀ ਇੱਕ ਸਰਕੂਲਰ ਵਿੱਚ ਕਿਹਾ ਗਿਆ, "ਦਿੱਲੀ ਦੇ ਪੁਲੀਸ ਕਮਿਸ਼ਨਰ ਦੀ ਮਨਜ਼ੂਰੀ ਨਾਲ, ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼) ਐਕਟ, 2024 ਦੇ ਤਹਿਤ ਮਾਮਲਿਆਂ ਦੀ ਜਾਂਚ ਲਈ ਐੱਸ ਟੀ ਐੱਫ ਦਾ ਗਠਨ ਕੀਤਾ ਗਿਆ ਹੈ।"
ਇਹ ਟਾਸਕ ਫੋਰਸ ਪ੍ਰਮੁੱਖ ਕੇਂਦਰੀ ਭਰਤੀ ਸੰਸਥਾਵਾਂ ਦੁਆਰਾ ਕਰਵਾਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਨਾਲ ਸਬੰਧਤ ਅਪਰਾਧਾਂ ਦੀ ਜਾਂਚ ਸੰਭਾਲੇਗੀ।
ਇਨ੍ਹਾਂ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC), ਸਟਾਫ਼ ਸਿਲੈਕਸ਼ਨ ਕਮਿਸ਼ਨ (SSC), ਰੇਲਵੇ ਭਰਤੀ ਬੋਰਡ (RRB), ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (IBPS), ਕੌਮੀ ਟੈਸਟਿੰਗ ਏਜੰਸੀ (NTA) ਅਤੇ ਕੇਂਦਰ ਸਰਕਾਰ ਦੇ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਤੇ ਸਟਾਫ਼ ਦੀ ਭਰਤੀ ਲਈ ਉਨ੍ਹਾਂ ਦੇ ਨਾਲ ਜੁੜੇ ਅਤੇ ਅਧੀਨ ਦਫ਼ਤਰ ਸ਼ਾਮਲ ਹਨ। ਇਸ ਦੇ ਘੇਰੇ ਵਿੱਚ ਕੇਂਦਰ ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਨੋਟੀਫਾਈ ਕੀਤੀ ਗਈ ਕੋਈ ਵੀ ਹੋਰ ਅਥਾਰਟੀ ਵੀ ਆਉਂਦੀ ਹੈ।
ਜਾਂਚ ਤੋਂ ਇਲਾਵਾ, ਐੱਸ ਟੀ ਐੱਫ ਅਦਾਲਤੀ ਸੁਣਵਾਈ ਨੂੰ ਤੇਜ਼ੀ ਨਾਲ ਪੂਰਾ ਕਰਵਾਉਣ ਲਈ ਮੁਕੱਦਮਾ ਚਲਾਉਣ ਵਾਲੀਆਂ ਏਜੰਸੀਆਂ ਨਾਲ ਤਾਲਮੇਲ ਕਰੇਗੀ। ਪੁਲੀਸ ਨੇ ਕਿਹਾ ਕਿ ਇਸ ਦਾ ਮਕਸਦ ਅਦਾਲਤ ਵਿੱਚ ਅਜਿਹੇ ਮਾਮਲਿਆਂ ਦੀ ਰੋਜ਼ਾਨਾ ਦੇ ਆਧਾਰ 'ਤੇ ਸੁਣਵਾਈ ਕਰਵਾਉਣਾ ਹੈ।
ਇਸ ਦੀ ਸਮੁੱਚੀ ਦੇਖਰੇਖ ਅਤੇ ਪ੍ਰਸ਼ਾਸਨਿਕ ਨਿਯੰਤਰਣ ਸਪੈਸ਼ਲ ਕਮਿਸ਼ਨਰ ਆਫ਼ ਪੁਲੀਸ, ਕ੍ਰਾਈਮ ਬ੍ਰਾਂਚ ਦੇ ਕੋਲ ਹੋਵੇਗਾ, ਜੋ ਪ੍ਰਭਾਵਸ਼ਾਲੀ ਜਾਂਚ ਅਤੇ ਮਜ਼ਬੂਤ ਪੈਰਵੀ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕਰਨਗੇ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਕਦਮ ਦਾ ਮਕਸਦ ਪ੍ਰੀਖਿਆ ਨਾਲ ਸਬੰਧਤ ਅਪਰਾਧਾਂ ਦੀ ਤੁਰੰਤ ਤੇ ਪੇਸ਼ੇਵਰ ਜਾਂਚ ਨੂੰ ਯਕੀਨੀ ਬਣਾਉਣਾ ਅਤੇ ਪੇਪਰ ਲੀਕ ਤੇ ਠੱਗੀ ਵਿੱਚ ਸ਼ਾਮਲ ਗਿਰੋਹਾਂ ਖ਼ਿਲਾਫ਼ ਸ਼ਿਕੰਜਾ ਕੱਸਣਾ ਹੈ।

