Delhi News: ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਦਿੱਲੀ ਦੇ ਲਗਜ਼ਰੀ ਹੋਟਲਾਂ ਵਿੱਚ ਨਹੀਂ ਮਿਲ ਰਹੇ ਕਮਰੇ
ਕਿਰਾਏ ਵਿੱਚ ਆਈ ਭਾਰੀ ਉਛਾਲ
ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਦਿੱਲੀ ਦੇ ਲਗਜ਼ਰੀ ਹੋਟਲ ਬਾਜ਼ਾਰ ਵਿੱਚ ਕਮਰਿਆਂ ਦੀ ਉਪਲਬਧਤਾ 'ਚ ਕਮੀ ਅਤੇ ਕਿਰਾਏ ਵਿੱਚ ਭਾਰੀ ਉਛਾਲ ਦੇਖਣ ਨੂੰ ਮਿਲ ਰਹੀ ਹੈ। ਕਈ ਪ੍ਰਮੁੱਖ ਹੋਟਲਾਂ ਵਿੱਚ ਅਹਿਮ ਤਾਰੀਖ਼ਾਂ ਲਈ ਜਾਂ ਤਾਂ ਕਮਰੇ ਉਪਲਬਧ ਨਹੀਂ ਹਨ ਜਾਂ ਫਿਰ ਇੱਕ ਰਾਤ ਦਾ ਕਿਰਾਇਆ ਛੇ ਅੰਕਾਂ (ਲੱਖਾਂ ਰੁਪਏ) ਵਿੱਚ ਮੰਗਿਆ ਜਾ ਰਿਹਾ ਹੈ।
ਹੋਟਲ ਬੁਕਿੰਗ ਪਲੇਟਫਾਰਮ 'ਤੇ 11 ਤੋਂ 13 ਸਤੰਬਰ ਲਈ ਕੀਤੀ ਗਈ ਪੜਤਾਲ ਵਿੱਚ ਨਵੀਂ ਦਿੱਲੀ ਦੇ ਹੋਟਲ ਤਾਜ ਮਹਿਲ ਅਤੇ ਤਾਜ ਪੈਲੇਸ ਵਿੱਚ ਕੋਈ ਕਮਰਾ ਉਪਲਬਧ ਨਹੀਂ ਦਿਖਿਆ, ਜਦੋਂ ਕਿ 'ਦ ਉਬਰਾਏ' (ਨਵੀਂ ਦਿੱਲੀ) ਇਸ ਦੌਰਾਨ ਕੁਝ ਹਿੱਸਿਆਂ ਲਈ ਪੂਰੀ ਤਰ੍ਹਾਂ ਬੁੱਕ ਸੀ। 'ਦ ਲੀਲਾ ਪੈਲੇਸ' ਨਵੀਂ ਦਿੱਲੀ ਇਨ੍ਹਾਂ ਤਾਰੀਖ਼ਾਂ ਲਈ ਬੁਕਿੰਗ ਸਵੀਕਾਰ ਨਹੀਂ ਕਰ ਰਿਹਾ ਸੀ।
'ਆਈ ਟੀ ਸੀ ਮੌਰੀਆ' (ਨਵੀਂ ਦਿੱਲੀ) ਅਤੇ 'ਸ਼ਾਂਗਰੀ-ਲਾ ਇਰੋਜ਼' ਨਵੀਂ ਦਿੱਲੀ ਵਰਗੇ ਹੋਟਲਾਂ ਵਿੱਚ ਜੋ ਕਮਰੇ ਉਪਲਬਧ ਸਨ, ਉਨ੍ਹਾਂ ਲਈ ਅਸਧਾਰਨ ਤੌਰ 'ਤੇ ਉੱਚਾ ਕਿਰਾਇਆ ਮੰਗਿਆ ਜਾ ਰਿਹਾ ਸੀ, ਜੋ 12 ਤੋਂ 13 ਸਤੰਬਰ ਦੇ ਸਿਖਰ ਸੰਮੇਲਨ ਦੇ ਆਸ-ਪਾਸ ਰਾਜਧਾਨੀ ਵਿੱਚ ਠਹਿਰਨ ਲਈ ਭਾਰੀ ਪ੍ਰੀਮੀਅਮ ਨੂੰ ਦਰਸਾਉਂਦਾ ਹੈ।
ਇਸ ਦੋ ਦਿਨਾਂ ਪ੍ਰੋਗਰਾਮ ਕਾਰਨ ਹੋਟਲਾਂ ਵਿੱਚ ਕਮਰਿਆਂ ਦੀ ਮੰਗ ਬਹੁਤ ਵਧ ਗਈ ਹੈ, ਕਿਉਂਕਿ ਮਹਿਮਾਨ ਅਤੇ ਸੈਲਾਨੀ ਸੰਮੇਲਨ ਤੋਂ ਪਹਿਲਾਂ ਹੀ ਪਹੁੰਚ ਕੇ ਆਪਣੇ ਠਹਿਰਨ ਦਾ ਸਮਾਂ ਵਧਾ ਰਹੇ ਹਨ, ਜਿਸ ਨਾਲ ਮੱਧ ਦਿੱਲੀ ਵਿੱਚ ਕਮਰਿਆਂ ਦੀ ਕਮੀ ਹੋ ਰਹੀ ਹੈ।
ਇਸ ਸਥਿਤੀ ਕਾਰਨ ਰਾਜਧਾਨੀ ਵਿੱਚ ਪਹਿਲਾਂ ਤੋਂ ਯੋਜਨਾ ਬਣਾ ਕੇ ਆਉਣ ਵਾਲੇ ਸੈਲਾਨੀਆਂ, ਕਾਰੋਬਾਰੀ ਯਾਤਰੀਆਂ ਅਤੇ ਪਰਿਵਾਰਾਂ ਨੂੰ ਹੋਟਲ ਵਿੱਚ ਰੁਕਣ ਲਈ ਬਹੁਤ ਜ਼ਿਆਦਾ ਪੈਸੇ ਖ਼ਰਚਣੇ ਪੈ ਸਕਦੇ ਹਨ।
ਰੈਡੀਸਨ ਹੋਟਲ ਗਰੁੱਪ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਆਪਰੇਸ਼ਨਲ ਅਧਿਕਾਰੀ-ਸੀ ਓ ਓ (ਦੱਖਣੀ ਏਸ਼ੀਆ) ਨਿਖਿਲ ਸ਼ਰਮਾ ਨੇ ਪੀ ਟੀ ਆਈ ਨੂੰ ਦੱਸਿਆ, ''ਨਵੀਂ ਦਿੱਲੀ ਵਿੱਚ ਹੋਣ ਜਾ ਰਿਹਾ ਬ੍ਰਿਕਸ ਸਿਖਰ ਸੰਮੇਲਨ ਹੋਟਲਾਂ ਦੀ ਵਧੀ ਹੋਈ ਮੰਗ ਵਿੱਚ ਵੱਡਾ ਯੋਗਦਾਨ ਪਾ ਰਿਹਾ ਹੈ।"
ਉਨ੍ਹਾਂ ਕਿਹਾ ਕਿ ਸਿਖਰ ਸੰਮੇਲਨ ਨੇੜੇ ਆਉਣ ਦੇ ਨਾਲ ਮੰਗ ਮਜ਼ਬੂਤ ਬਣੀ ਰਹਿਣ ਦੀ ਉਮੀਦ ਹੈ, ਕਿਉਂਕਿ ਕਈ ਯਾਤਰੀਆਂ ਵੱਲੋਂ ਆਯੋਜਨ ਦੀਆਂ ਤਾਰੀਖ਼ਾਂ ਦੇ ਕਰੀਬ ਅੰਤਿਮ ਸਮੇਂ ਵਿੱਚ ਬੁਕਿੰਗ ਕਰਨ ਦੀ ਸੰਭਾਵਨਾ ਹੈ।

