Delhi News: ISI-BKI ਦੀ ਕੈਮਰਿਆਂ ਰਾਹੀਂ ਜਾਸੂਸੀ ਦੀ ਸਾਜ਼ਿਸ਼ ਨਾਕਾਮ, ਪੰਜਾਬ ਦੇ 8 ਵਿਅਕਤੀਆਂ ਸਮੇਤ 11 ਗ੍ਰਿਫ਼ਤਾਰ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਦੀ ਕਥਿਤ ਸਰਪ੍ਰਸਤੀ ਵਾਲੇ ਜਾਸੂਸੀ ਗਰੋਹ ਦਾ ਪਰਦਾਫਾਸ਼ ਕਰਦਿਆਂ ਪਾਬੰਦੀਸ਼ੁਦਾ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਸਬੰਧ ਰੱਖਣ ਵਾਲੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ...
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ ਐੱਸ ਆਈ ਦੀ ਕਥਿਤ ਸਰਪ੍ਰਸਤੀ ਵਾਲੇ ਜਾਸੂਸੀ ਗਰੋਹ ਦਾ ਪਰਦਾਫਾਸ਼ ਕਰਦਿਆਂ ਪਾਬੰਦੀਸ਼ੁਦਾ ਸਮੂਹ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਸਬੰਧ ਰੱਖਣ ਵਾਲੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਸ ਕਾਰਵਾਈ ਬਾਰੇ ਜਾਣਕਾਰੀ ਸਾਂਝੀ ਕੀਤੀ।
ਪੁਲੀਸ ਅਧਿਕਾਰੀਆਂ ਅਨੁਸਾਰ ਮੁਲਜ਼ਮ ਫੌਜ ਨਾਲ ਜੁੜੇ ਅਦਾਰਿਆਂ ਸਮੇਤ ਸੰਵੇਦਨਸ਼ੀਲ ਇਲਾਕਿਆਂ ਦੀ ਨਿਗਰਾਨੀ ਕਰਨ ਲਈ ਕਈ ਥਾਵਾਂ 'ਤੇ ਸੀ ਸੀ ਟੀ ਵੀ (CCTV) ਕੈਮਰੇ ਲਗਾ ਰਹੇ ਸਨ। ਪੁਲੀਸ ਟੀਮ ਨੂੰ ਦੇਸ਼ ਭਰ ਵਿੱਚ 9 ਥਾਵਾਂ 'ਤੇ ਲਗਾਏ ਗਏ ਕੈਮਰੇ ਮਿਲੇ ਹਨ।
ਪਹਿਲੀ ਕਾਰਵਾਈ ਵਿੱਚ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚੋਂ ਤਿੰਨ ਪੰਜਾਬ ਅਤੇ ਤਿੰਨ ਦਿੱਲੀ ਦੇ ਹਨ। ਟੀਮ ਨੇ ਕਈ ਥਾਵਾਂ 'ਤੇ ਸੰਵੇਦਨਸ਼ੀਲ ਸੁਰੱਖਿਆ ਅਤੇ ਰੱਖਿਆ ਅਦਾਰਿਆਂ ਨੇੜੇ ਲਗਾਏ ਗਏ ਨੌਂ ਸੂਰਜੀ ਊਰਜਾ ਨਾਲ ਚੱਲਣ ਵਾਲੇ ਸੀ ਸੀ ਟੀ ਵੀ ਕੈਮਰੇ ਬਰਾਮਦ ਕੀਤੇ ਹਨ। ਵਧੀਕ ਪੁਲੀਸ ਕਮਿਸ਼ਨਰ ਪ੍ਰਮੋਦ ਸਿੰਘ ਕੁਸ਼ਵਾਹਾ ਨੇ ਦੱਸਿਆ ਕਿ ਇਨ੍ਹਾਂ ਦੀ ਲਾਈਵ ਫੀਡ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਪਾਕਿਸਤਾਨ ਸਥਿਤ ਹੈਂਡਲਰਾਂ ਨੂੰ ਭੇਜੀ ਜਾ ਰਹੀ ਸੀ।
ਪੁਲੀਸ ਨੇ ਤਿੰਨ PX5 ਪਿਸਤੌਲ, ਇੱਕ ਦੇਸੀ ਹਥਿਆਰ ਅਤੇ 24 ਜ਼ਿੰਦਾ ਕਾਰਤੂਸ ਵੀ ਜ਼ਬਤ ਕੀਤੇ ਹਨ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੀਆਂ ਗਤੀਵਿਧੀਆਂ ਲਈ ਯੂ ਪੀ ਆਈ ਰਾਹੀਂ ਫੰਡ ਪ੍ਰਾਪਤ ਕਰ ਰਹੇ ਸਨ। ਇਹ ਪੈਸਾ ਨਜਾਇਜ਼ ਹਥਿਆਰਾਂ ਦੀ ਤਸਕਰੀ ਰਾਹੀਂ ਕਮਾਇਆ ਗਿਆ ਸੀ।
ਦੂਜੀ ਕਾਰਵਾਈ ਵਿੱਚ ਮਿਲਟਰੀ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਜਾਸੂਸੀ ਗਤੀਵਿਧੀਆਂ ਲਈ ਪੰਜਾਬ ਦੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲੀਸ ਨੇ ਦੱਸਿਆ ਕਿ ਇਹ ਵਿਅਕਤੀ ਫੌਜ ਅਤੇ ਅਰਧ ਸੈਨਿਕ ਬਲਾਂ ਦੇ ਸੰਵੇਦਨਸ਼ੀਲ ਟਿਕਾਣਿਆਂ ਦੀ ਰੇਕੀ ਕਰਨ ਵਿੱਚ ਸ਼ਾਮਲ ਸਨ ਅਤੇ ਪਾਕਿਸਤਾਨ ਵਿੱਚ ਹੈਂਡਲਰਾਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਸਨ। ਇਨ੍ਹਾਂ ਨੇ ਨਿਗਰਾਨੀ ਦਾ ਢਾਂਚਾ (ਸੀ ਸੀ ਟੀ ਵੀ ਸਿਸਟਮ) ਖੜ੍ਹਾ ਕਰਨ ਅਤੇ ਸਰਹੱਦ ਪਾਰ ਬੈਠੇ ਆਕਾਵਾਂ ਨਾਲ ਸੰਪਰਕ ਬਣਾਉਣ ਵਿੱਚ ਮਦਦ ਕੀਤੀ ਸੀ।
ਪੁਲੀਸ ਨੇ ਦੱਸਿਆ ਕਿ ਇਹ ਗਿਰੋਹ ਪਾਕਿਸਤਾਨ ਸਥਿਤ ਹੈਂਡਲਰਾਂ, ਗੈਂਗਸਟਰਾਂ ਅਤੇ ਦਹਿਸ਼ਤਗਰਦਾਂ ਦੇ ਇੱਕ ਵੱਡੇ ਗਠਜੋੜ ਦਾ ਹਿੱਸਾ ਸੀ। ਪੁਲੀਸ ਅਧਿਕਾਰੀ ਕੁਸ਼ਵਾਹਾ ਨੇ ਦੱਸਿਆ ਕਿ ਇਸ ਕੰਮ ਲਈ ਭਾਰਤ ਵਿੱਚ ਭਰਤੀ ਕੀਤੇ ਗਏ ਲੋਕਾਂ ਨੂੰ ਨਜਾਇਜ਼ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਤੋਂ ਹੋਈ ਕਮਾਈ ਦਾ ਲਾਲਚ ਦੇ ਕੇ ਫਸਾਇਆ ਜਾਂਦਾ ਸੀ। ਫੜੇ ਗਏ ਮੁਲਜ਼ਮਾਂ ਨੂੰ ਨਿਗਰਾਨੀ ਦੇ ਯੰਤਰ ਲਗਾਉਣ, ਅਹਿਮ ਟਿਕਾਣਿਆਂ ਦੀਆਂ ਤਸਵੀਰਾਂ ਅਤੇ ਵੀਡੀਓ ਬਣਾਉਣ ਅਤੇ ਸੰਭਾਵੀ ਹਮਲਿਆਂ ਲਈ ਜ਼ਰੂਰੀ ਸਾਜੋ-ਸਾਮਾਨ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਜਾਂਚ ਵਿੱਚ ਸਾਹਮਣੇ ਆਇਆ ਕਿ ਸੀ ਸੀ ਟੀ ਵੀ ਸਿਸਟਮ ਚਲਾਉਣ ਅਤੇ ਡਾਟਾ ਭੇਜਣ ਲਈ ਜਾਅਲੀ ਪਛਾਣ ਪੱਤਰਾਂ 'ਤੇ ਲਏ ਗਏ ਸਿਮ ਕਾਰਡਾਂ ਦੀ ਵਰਤੋਂ ਕੀਤੀ ਗਈ ਸੀ। ਛਾਪੇਮਾਰੀ ਦੌਰਾਨ ਜ਼ਬਤ ਕੀਤੇ ਗਏ ਮੋਬਾਈਲਾਂ ਤੋਂ ਤਸਵੀਰਾਂ, ਵੀਡੀਓ ਅਤੇ ਲੋਕੇਸ਼ਨ ਡਾਟਾ ਸਮੇਤ ਡਿਜੀਟਲ ਸਬੂਤ ਬਰਾਮਦ ਕੀਤੇ ਗਏ ਹਨ।

