Delhi News: ਵਿਦੇਸ਼ੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼
9 ਮੁਲਜ਼ਮ ਗ੍ਰਿਫਤਾਰ; ਵਿਦੇਸ਼ੀ ਪਿਸਤੌਲਾਂ ਦਾ ਵੱਡਾ ਜ਼ਖੀਰਾ ਬਰਾਮਦ
ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇੱਕ ਕੌਮਾਂਤਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ ਦੇ ਤਾਰ ਕਥਿਤ ਤੌਰ ਉੱਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਨਾਲ ਜੁੜੇ ਹੋਏ ਹਨ। ਪੁਲੀਸ ਨੇ ਵਿਦੇਸ਼ੀ ਪਿਸਤੌਲਾਂ ਦਾ ਇੱਕ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ, ਜੋ ਡਰੋਨਾਂ ਅਤੇ ਸਰਹੱਦ ਪਾਰ ਦੇ ਰਸਤਿਆਂ ਰਾਹੀਂ ਭਾਰਤ ਭੇਜਿਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪੁਲੀਸ ਮੁਤਾਬਕ, ਬਰਾਮਦ ਕੀਤੇ ਗਏ ਹਥਿਆਰਾਂ ਵਿੱਚ 'ਜ਼ਿਗਾਨਾ' ਅਤੇ 'ਗਲੋਕ' ਵਰਗੇ ਮਹਿੰਗੇ ਵਿਦੇਸ਼ੀ ਪਿਸਤੌਲ ਸ਼ਾਮਲ ਹਨ। ਕੁੱਲ 23 ਆਧੁਨਿਕ ਹਥਿਆਰ ਅਤੇ 92 ਕਾਰਤੂਸ ਬਰਾਮਦ ਹੋਏ ਹਨ। ਪੁਲੀਸ ਨੇ ਬਿਹਾਰ ਦੇ ਮੁੰਗੇਰ ਵਿੱਚ ਬਣੇ ਦੇਸੀ ਹਥਿਆਰ ਵੀ ਫੜੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਇਹ ਗਿਰੋਹ ਦੇਸ਼ ਅਤੇ ਵਿਦੇਸ਼, ਦੋਵਾਂ ਥਾਵਾਂ ਤੋਂ ਹਥਿਆਰ ਮੰਗਵਾਉਣ ਦਾ ਕੰਮ ਕਰ ਰਿਹਾ ਸੀ।
ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਇਹ ਪਿਸਤੌਲ ਅਤੇ ਹੋਰ ਹਥਿਆਰ ਦਿੱਲੀ-ਐੱਨ ਸੀ ਆਰ, ਪੰਜਾਬ ਅਤੇ ਹੋਰ ਸੂਬਿਆਂ ਦੇ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਪਲਾਈ ਕੀਤੇ ਜਾਣੇ ਸਨ। ਪੁਲੀਸ ਦੇ ਐਡੀਸ਼ਨਲ ਕਮਿਸ਼ਨਰ ਪ੍ਰਮੋਦ ਕੁਸ਼ਵਾਹਾ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਗਿਰੋਹ ਦੇ ਪਾਕਿਸਤਾਨ ਵਿੱਚ ਬੈਠੇ ਹਥਿਆਰ ਸਪਲਾਇਰਾਂ ਅਤੇ ਆਈ ਐੱਸ ਆਈ ਨਾਲ ਜੁੜੇ ਹੈਂਡਲਰਾਂ ਨਾਲ ਸਿੱਧੇ ਸਬੰਧ ਸਨ।
ਉਨ੍ਹਾਂ ਦੱਸਿਆ ਕਿ ਇਹ ਗਿਰੋਹ ਕਥਿਤ ਤੌਰ 'ਤੇ ਖੁਰਜਾ ਦੇ ਰਹਿਣ ਵਾਲੇ ਸ਼ਾਹਬਾਜ਼ ਅੰਸਾਰੀ ਵੱਲੋਂ ਚਲਾਇਆ ਜਾ ਰਿਹਾ ਸੀ। ਸ਼ਾਹਬਾਜ਼ ਇਸ ਸਮੇਂ ਬੰਗਲਾਦੇਸ਼ ਵਿੱਚ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਉੱਥੋਂ ਹੀ ਬੈਠ ਕੇ ਇਸ ਨੈੱਟਵਰਕ ਨੂੰ ਚਲਾ ਰਿਹਾ ਹੈ। ਉਸ ਦਾ ਚਾਚਾ ਰੇਹਾਨ ਅੰਸਾਰੀ ਕਥਿਤ ਤੌਰ 'ਤੇ ਦੁਬਈ ਤੋਂ ਇਸ ਕੰਮ ਵਿੱਚ ਉਸ ਦੀ ਮਦਦ ਕਰ ਰਿਹਾ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਾਹਬਾਜ਼ ਅੰਸਾਰੀ ਦਾ ਨਾਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿੱਚ ਵੀ ਸਾਹਮਣੇ ਆ ਚੁੱਕਾ ਹੈ। ਉਸ ਮਾਮਲੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ, ਉਹ ਕਥਿਤ ਤੌਰ 'ਤੇ ਬੰਗਲਾਦੇਸ਼ ਭੱਜ ਗਿਆ ਅਤੇ ਉੱਥੇ ਜਾ ਕੇ ਦੁਬਾਰਾ ਅਪਰਾਧਿਕ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ।
ਜੁਆਇੰਟ ਸੀਪੀ ਨੇ ਦੱਸਿਆ ਕਿ ਸਪੈਸ਼ਲ ਸੈੱਲ ਵੱਲੋਂ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਨੂੰ ਫੜਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਅੱਗੇ ਵਧਣ ਨਾਲ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

