Delhi-NCR Air Pollution: ਗਰੈਪ ਦੇ ਸੋਧੇ ਨਿਯਮ ਲਾਗੂ
ਪ੍ਰਦੂਸ਼ਣ ਦਾ ਪੱਧਰ ਵਧਣ ਤੋਂ ਪਹਿਲਾਂ ਪਾਬੰਦੀਆਂ ਲਾਈਆਂ ਜਾਣਗੀਆਂ
ਦਿੱਲੀ-ਐੱਨ ਸੀ ਆਰ ਦੀ ਹਵਾ ਦੀ ਗੁਣਵੱਤਾ ‘ਦਰਮਿਆਨੀ’ ਸ਼੍ਰੇਣੀ ਵਿੱਚ ਆਉਣ ਤੋਂ ਬਾਅਦ ਸਰਕਾਰ ਨੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਉਪਾਅ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਹਨ। ‘ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ’ (ਜੀ ਆਰ ਏ ਪੀ) ਦੇ ਸੋਧੇ ਹੋਏ ਨਿਯਮ ਲਾਗੂ ਹੋ ਗਏ ਹਨ, ਜਿਸ ਦਾ ਮਤਲਬ ਹੈ ਕਿ ਹੁਣ ਪ੍ਰਦੂਸ਼ਣ ਦਾ ਪੱਧਰ ਹੋਰ ਵਧਣ ਤੋਂ ਪਹਿਲਾਂ ਹੀ ਪਾਬੰਦੀਆਂ ਲਾਈਆਂ ਜਾਣਗੀਆਂ। ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਪੈਟਰੋਲ ਪੰਪਾਂ ਤੋਂ ਤੇਲ ਨਹੀਂ ਦਿੱਤਾ ਗਿਆ। ਇਹ ਨਿਯਮ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ, ਗਾਜ਼ੀਆਬਾਦ ਅਤੇ ਨੋਇਡਾ ਵਿੱਚ 1 ਜੁਲਾਈ 2028 ਤੋਂ ਅਤੇ ਬਾਕੀ ਐੱਨ ਸੀ ਆਰ ਖੇਤਰਾਂ ਵਿੱਚ 1 ਜਨਵਰੀ 2029 ਤੋਂ ਲਾਗੂ ਹੋਵੇਗਾ।
ਜੀ ਆਰ ਏ ਪੀ (ਗਰੈਪ) ਦੇ ਉਪਾਅ ਅਤੇ ਦਿੱਲੀ ਸਰਕਾਰ ਦੀ ਸਰਦੀਆਂ ਦੀ ਕਾਰਜ-ਯੋਜਨਾ ਇੱਕੋ ਸਮੇਂ ਲਾਗੂ ਰਹਿਣਗੇ। 1 ਅਕਤੂਬਰ ਤੋਂ 28 ਫਰਵਰੀ ਤੱਕ ਕਈ ਸਰਗਰਮੀਆਂ ’ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ, ਜਦਕਿ 1 ਨਵੰਬਰ 2026 ਤੋਂ 31 ਜਨਵਰੀ 2027 ਤੱਕ ਸਭ ਤੋਂ ਸਖ਼ਤ ਪਾਬੰਦੀਆਂ ਲਾਗੂ ਰਹਿਣਗੀਆਂ। ‘ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ’ ਨੇ ਦਿੱਲੀ-ਐੱਨ ਸੀ ਆਰ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜੀ ਆਰ ਏ ਪੀ ਦੇ ਸੋਧੇ ਹੋਏ ਨਿਯਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਢਾਂਚੇ ਤਹਿਤ ਅਧਿਕਾਰੀਆਂ ਨੂੰ ਪਾਬੰਦੀਆਂ ਲਗਾਉਣ ਲਈ ਪ੍ਰਦੂਸ਼ਣ ਦੇ ਪੱਧਰ ਦੇ ਵਿਗੜਨ ਦੀ ਉਡੀਕ ਨਹੀਂ ਕਰਨੀ ਪਵੇਗੀ। 1 ਅਕਤੂਬਰ 2026 ਤੋਂ 28 ਫਰਵਰੀ 2027 ਤੱਕ ਕਈ ਸਰਗਰਮੀਆਂ ’ਤੇ ਪਾਬੰਦੀਆਂ ਲਾਈਆਂ ਜਾਣਗੀਆਂ। ਮੌਸਮ ਦੀ ਭਵਿੱਖਬਾਣੀ ਦੇ ਆਧਾਰ ’ਤੇ ਇਨ੍ਹਾਂ ਨਿਯਮਾਂ ਵਿੱਚ ਬਦਲਾਅ ਵੀ ਕੀਤਾ ਜਾ ਸਕਦਾ ਹੈ। 1 ਨਵੰਬਰ ਤੋਂ 31 ਜਨਵਰੀ ਤੱਕ ਬੀ ਐੱਸ-4 ਵਾਹਨਾਂ ਦੇ ਦਿੱਲੀ-ਐੱਨ ਸੀ ਆਰ ਵਿੱਚ ਦਾਖ਼ਲ ਹੋਣ ਦੀ ਮਨਾਹੀ ਹੋ ਗਈ ਹੈ।
ਹਵਾ ਦੀ ਗੁਣਵੱਤਾ ’ਚ ਸੁਧਾਰ
ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ’ ਦੇ ਅਧਿਕਾਰਤ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਸ਼ਹਿਰ ਦਾ ਔਸਤ ‘ਏਅਰ ਕੁਆਲਿਟੀ ਇੰਡੈਕਸ’ ਘਟ ਕੇ 102 ’ਤੇ ਆ ਗਿਆ, ਜੋ ਪਿਛਲੇ ਪੰਜ ਸਾਲਾਂ ਵਿੱਚ ਸਤੰਬਰ ਮਹੀਨੇ ਦੀ ਸਭ ਤੋਂ ਘੱਟ ਔਸਤ ਹੈ। ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਇਸ ਸਤੰਬਰ ਵਿੱਚ ਪੀ ਐੱਮ 2.5 ਅਤੇ ਪੀ ਐੱਮ 10 ਦੀ ਮਾਤਰਾ ਵਿੱਚ ਪਿਛਲੇ ਸਾਲ ਮੁਕਾਬਲੇ ਮਾਮੂਲੀ ਵਾਧਾ ਹੋਇਆ ਹੈ। ਇਹ ਹਾਨੀਕਾਰਕ ਹਵਾ ਪ੍ਰਦੂਸ਼ਣ ਨਾਲ ਸਭ ਤੋਂ ਵੱਧ ਜੁੜੇ ਦੋ ਪ੍ਰਦੂਸ਼ਕ ਹਨ। 102 ਦੇ ਔਸਤ ਏ ਕਿਊ ਆਈ ਨਾਲ ਸਤੰਬਰ ਵਿੱਚ ਦਿੱਲੀ ਦੀ ਹਵਾ ‘ਦਰਮਿਆਨੀ ਪ੍ਰਦੂਸ਼ਿਤ’ ਸ਼੍ਰੇਣੀ ਵਿੱਚ ਆਈ ਹੈ।

