Delhi: ਜੁਲਾਈ ਵਿੱਚ 10,000 ਤੋਂ ਵੱਧ ਇਲੈਕਟ੍ਰਿਕ ਵਾਹਨ ਰਜਿਸਟਰਡ
ਨਵੀਂ 'ਈ ਵੀ ਨੀਤੀ 2.0' ਦੇ ਲਾਗੂ ਹੋਣ ਤੋਂ ਬਾਅਦ ਵਧਿਆ ਲੋਕਾਂ ਦਾ ਰੁਝਾਨ
ਦਿੱਲੀ ਵਿੱਚ ਇਲੈਕਟ੍ਰਿਕ ਵਾਹਨਾਂ (ਈ ਵੀ) ਦੀ ਰਜਿਸਟਰੇਸ਼ਨ ਜੁਲਾਈ ਵਿੱਚ 10,719 ਯੂਨਿਟਾਂ ਨਾਲ 2026 ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਹੀਨੇ ਦੌਰਾਨ ਨੋਟੀਫਾਈ ਕੀਤੀ ਗਈ ਦਿੱਲੀ ਸਰਕਾਰ ਦੀ ਨਵੀਂ 'ਈ ਵੀ ਨੀਤੀ 2.0' ਦੇ ਚਲਦਿਆਂ ਅਜਿਹਾ ਹੋਇਆ ਹੈ।
ਸਰਕਾਰ ਦੇ 'ਵਾਹਨ' ਪੋਰਟਲ ਦੇ ਅੰਕੜਿਆਂ ਅਨੁਸਾਰ, ਜੁਲਾਈ ਵਿੱਚ 'ਪਿਓਰ ਈ ਵੀ' ਸ਼੍ਰੇਣੀ ਵਿੱਚ 10,719 ਵਾਹਨ ਰਜਿਸਟਰਡ ਕੀਤੇ ਗਏ, ਜੋ ਇਸ ਤੋਂ ਪਿਛਲੇ ਮਹੀਨੇ ਜੂਨ ਦੇ 9,296 ਵਾਹਨਾਂ ਨਾਲੋਂ 1,423 ਵੱਧ ਸਨ। ਪਿਛਲੇ ਸਾਲ ਜੁਲਾਈ ਵਿੱਚ 6,414 ਪਿਓਰ ਈ ਵੀ ਰਜਿਸਟਰਡ ਕੀਤੇ ਗਏ ਸਨ।
ਦਿੱਲੀ ਸਰਕਾਰ ਨੇ ਸ਼ਹਿਰ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਇੱਕ ਮਜ਼ਬੂਤ ਸਿਸਟਮ ਬਣਾਉਣ ਲਈ, ਚਾਰਜਿੰਗ ਅਤੇ ਬੈਟਰੀ ਬਦਲਣ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ ਵਾਸਤੇ ਕਈ ਤਰ੍ਹਾਂ ਦੀਆਂ ਛੋਟਾਂ, ਸਹੂਲਤਾਂ ਅਤੇ ਪ੍ਰਬੰਧਾਂ ਨਾਲ ਇਸ ਸਾਲ 1 ਜੁਲਾਈ ਨੂੰ 'ਦਿੱਲੀ ਇਲੈਕਟ੍ਰਿਕ ਵਾਹਨ ਨੀਤੀ 2026' ਲਾਗੂ ਕੀਤੀ ਸੀ।
ਅੰਕੜਿਆਂ ਅਨੁਸਾਰ, ਪਿਓਰ ਈ ਵੀ ਰਜਿਸਟਰੇਸ਼ਨਾਂ ਦੀ ਗਿਣਤੀ ਇਸ ਸਾਲ ਦੇ ਪਿਛਲੇ ਸੱਤ ਮਹੀਨਿਆਂ ਵਿੱਚ ਸਭ ਤੋਂ ਵੱਧ ਹੈ। ਜਨਵਰੀ ਤੋਂ ਸ਼ੁਰੂ ਕਰਕੇ ਈ ਵੀ ਰਜਿਸਟਰੇਸ਼ਨਾਂ ਵਿੱਚ ਹੌਲੀ-ਹੌਲੀ ਤੇਜ਼ੀ ਆਈ ਹੈ। ਇਸ ਤਹਿਤ ਜਨਵਰੀ ਵਿੱਚ 6,077, ਫ਼ਰਵਰੀ ਵਿੱਚ 4,983 ਅਤੇ ਮਾਰਚ ਵਿੱਚ 7,324 ਇਲੈਕਟ੍ਰਿਕ ਵਾਹਨ ਰਜਿਸਟਰਡ ਕੀਤੇ ਗਏ ਸਨ।
ਉੱਥੇ ਹੀ ਅਪਰੈਲ ਮਹੀਨੇ ਵਿੱਚ 7,658 ਵਾਹਨ ਰਜਿਸਟਰਡ ਹੋਏ, ਜਿਸ ਤੋਂ ਬਾਅਦ ਮਈ ਵਿੱਚ 8,738 ਵਾਹਨ, ਜੂਨ ਵਿੱਚ 9,296 ਵਾਹਨ ਅਤੇ ਜੁਲਾਈ ਵਿੱਚ ਸਭ ਤੋਂ ਵੱਧ 10,719 ਈ ਵੀ ਵਾਹਨ ਰਜਿਸਟਰਡ ਕੀਤੇ ਗਏ।

