ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਅਕਤੂਬਰ
ਦਿੱਲੀ ਮੈਟਰੋ ਦੇ ਯਾਤਰੀ ਹੁਣ ਸਾਰੇ ਯੈਲੋ ਲਾਈਨ ਸਟੇਸ਼ਨਾਂ ‘ਤੇ ਮੁਫਤ ਹਾਈ-ਸਪੀਡ ਵਾਈਫਾਈ ਰਾਹੀਂ ਇੰਟਰਨੈੱਟ ਦੀ ਵਰਤੋਂ ਕਰ ਸਕਦੇ ਹਨ, ਕਿਉਂਕਿ ਦਿੱਲੀ ਮੈਟਰੋ (ਡੀਐੱਮਆਰਸੀ) ਨੇ ਐਤਵਾਰ ਨੂੰ ਇਸ ਸਹੂਲਤ ਦੀ ਸ਼ੁਰੂਆਤ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਦਿੱਲੀ ਮੈਟਰੋ ਨੇ ਮੁਫਤ ਹਾਈ-ਸਪੀਡ ਵਾਈਫਾਈ ਸੇਵਾ ਦੀ ਸਹੂਲਤ ਯੈਲੋ ਲਾਈਨ ਜਾਂ ਲਾਈਨ -2 ਦੇ ਸਮਯਪੁਰ ਤੋਂ ਹੁੱਡਾ ਸਿਟੀ ਸੈਂਟਰ ਤੱਕ ਦੇ ਸਾਰੇ ਮੈਟਰੋ ਸਟੇਸ਼ਨਾਂ ‘ਤੇ ਦਿੱਤੀ ਹੈ। ਇਸ ਸਬੰਧੀ ਡੀਐੱਮਆਰਸੀ ਨੇ ਕਿਹਾ ਕਿ ਯੈਲੋ ਲਾਈਨ ‘ਤੇ ਇਹ ਹਾਈ-ਸਪੀਡ ਸੇਵਾ ਦਿੱਲੀ ਯੂਨੀਵਰਸਿਟੀ ਦੇ ਉੱਤਰੀ ਦਿੱਲੀ ਕੈਂਪਸ ਆਉਣ-ਜਾਣ ਵਾਲੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਇੱਕ ‘ਟੈਕਨਾਲੋਜੀ ਕਨਸੋਰਟੀਅਮ’ ਦੇ ਨਾਲ ਮਿਲ ਕੇ ਮੈਟਰੋ (ਏਅਰਪੋਰਟ ਐਕਸਪ੍ਰੈਸ ਲਾਈਨ ਤੋਂ ਇਲਾਵਾ) ਦੇ ਅੰਦਰ ਵੀ ਇਸ ਸਹੂਲਤ ਨੂੰ ਇੱਕ ਸਾਲ ਦੇ ਅਰਸੇ ਵਿੱਚ ਸ਼ੁਰੂ ਕਰਨ ‘ਤੇ ਕੰਮ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਨਵਰੀ 2020 ਵਿੱਚ ਸ਼ਹਿਰੀ ਟਰਾਂਸਪੋਰਟਰ ਨੇ ਨਵੀਂ ਦਿੱਲੀ ਤੇ ਦਵਾਰਕਾ ਸੈਕਟਰ-21 ਨੂੰ ਜੋੜਨ ਵਾਲੀ ਏਅਰਪੋਰਟ ਲਾਈਨ ‘ਤੇ ਰੇਲ ਡੱਬਿਆਂ ਦੇ ਅੰਦਰ ਇੱਕ ਉੱਚ-ਗਤੀ ਵਾਲੀ ਵਾਈਫਾਈ ਸਹੂਲਤ ਸ਼ੁਰੂ ਕੀਤੀ ਸੀ। ਦੱਖਣੀ ਏਸ਼ੀਆਈ ਖੇਤਰ ਦੇ ਕਿਸੇ ਵੀ ਦੇਸ਼ ਵਿੱਚ ਇਹ ਪਹਿਲੀ ਅਜਿਹੀ ਸਹੂਲਤ ਹੈ। ਦਿੱਲੀ ਮੈਟਰੋ ਨੈਟਵਰਕ ਦੀ 22.7 ਕਿਲੋਮੀਟਰ ਲੰਬੀ ਲਾਈਨ ’ਤੇ ਨਵੀਂ ਦਿੱਲੀ, ਸ਼ਿਵਾਜੀ ਸਟੇਡੀਅਮ, ਧੌਲਾ ਕੁੂਆਂ, ਦਿੱਲੀ ਏਰੋਸਿਟੀ, ਆਈਜੀਆਈ ਏਅਰਪੋਰਟ ਅਤੇ ਦਵਾਰਕਾ ਸੈਕਟਰ-21 ਸਟੇਸ਼ਨ ਹਨ। ਮਾਰਚ 2020 ਵਿੱਚ ਕਰੋਨਾਵਾਇਰਸ ਦੇ ਪ੍ਰਭਾਵ ਕਾਰਨ ਦਿੱਲੀ ਮੈਟਰੋ ਸੇਵਾਵਾਂ ਲੰਮੇ ਸਮੇਂ ਲਈ ਰੋਕੀਆਂ ਗਈਆਂ ਸਨ। ਇਸ ਦੌਰਾਨ ਡੀਐੱਮਆਰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਜ਼ਮਾਇਸ਼ ਦੇ ਤੌਰ ’ਤੇ ਆਪਣੀ ਏਅਰਪੋਰਟ ਲਾਈਨ ਦੀਆਂ ਰੇਲ ਗੱਡੀਆਂ ਵਿੱਚ ਮੁਫਤ ਵਾਈਫਾਈ ਸੇਵਾ ਸ਼ੁਰੂ ਕੀਤੀ ਸੀ ਜੋ ਕਿ 2020 ਵਿੱਚ ਕੋਵਿਡ ਰੁਕਾਵਟਾਂ ਕਾਰਨ ਮੁਅੱਤਲ ਕਰ ਦਿੱਤੀ ਗਈ ਸੀ ਤੇ ਹੁਣ ਅਗਲੇ 10-15 ਦਿਨਾਂ ਦੇ ਸਮੇਂ ਵਿੱਚ ਸੇਵਾ ਬਹਾਲ ਹੋ ਸਕਦੀ ਹੈ।