Delhi Metro Reopens: ਦਿੱਲੀ ਮੈਟਰੋ ਦੇ 45 ਸਟੇਸ਼ਨ 25 ਘੰਟਿਆਂ ਮਗਰੋਂ ਮੁੜ ਖੁੱਲ੍ਹੇ
ਸੀਜੇਪੀ ਦੇ ਪ੍ਰਦਰਸ਼ਨ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਬੰਦ ਕੀਤੇ ਸਨ ਸਟੇਸ਼ਨ; ਰਾਤ 10 ਵਜੇ ਤੱਕ ਵਧਾਈ ਸੀ ਪਾਬੰਦੀ ਦੀ ਮਿਆਦ
Delhi Metro Reopens: ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਕੌਕਰੇਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਲਗਪਗ 25 ਘੰਟਿਆਂ ਤੱਕ ਬੰਦ ਰਹਿਣ ਮਗਰੋਂ ਦਿੱਲੀ ਮੈਟਰੋ ਦੇ 45 ਸਟੇਸ਼ਨ ਸ਼ਨਿੱਚਰਵਾਰ ਰਾਤ ਮੁੜ ਖੋਲ੍ਹ ਦਿੱਤੇ ਗਏ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਐਲਾਨ ਕੀਤਾ ਕਿ ਮੈਟਰੋ ਦੇ ਸਾਰੇ ਸਟੇਸ਼ਨਾਂ ’ਤੇ ਆਮ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ।
ਡੀਐੱਮਆਰਸੀ ਨੇ ਸ਼ਨਿੱਚਰਵਾਰ ਰਾਤ ਜਾਰੀ ਸੂਚਨਾ ਵਿੱਚ ਦੱਸਿਆ ਕਿ ਸਾਰੇ ਮੈਟਰੋ ਸਟੇਸ਼ਨਾਂ ਦੇ ਦਾਖ਼ਲੇ ਅਤੇ ਬਾਹਰ ਜਾਣ ਵਾਲੇ ਦਰਵਾਜ਼ੇ ਖੋਲ੍ਹ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਬੰਧਤ ਸਟੇਸ਼ਨਾਂ ’ਤੇ ਮੈਟਰੋ ਦੀਆਂ ਵੱਖ-ਵੱਖ ਲਾਈਨਾਂ ਵਿਚਾਲੇ ਯਾਤਰੀਆਂ ਦੇ ਆਉਣ-ਜਾਣ ਦੀ ਸਹੂਲਤ ਵੀ ਬਹਾਲ ਕਰ ਦਿੱਤੀ ਗਈ ਹੈ।
ਸ਼ੁੱਕਰਵਾਰ ਰਾਤ ਤੋਂ ਲਾਈਆਂ ਸਨ ਪਾਬੰਦੀਆਂ
ਜੰਤਰ-ਮੰਤਰ ਵਿਚ ਸੀਜੇਪੀ ਵੱਲੋਂ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸ਼ੁੱਕਰਵਾਰ ਰਾਤ 9 ਵਜੇ ਇਨ੍ਹਾਂ ਸਟੇਸ਼ਨਾਂ ’ਤੇ ਪਾਬੰਦੀਆਂ ਲਾਈਆਂ ਗਈਆਂ ਸਨ। ਪਹਿਲਾਂ ਇਨ੍ਹਾਂ ਨੂੰ ਸ਼ਨਿੱਚਰਵਾਰ ਸ਼ਾਮ 6 ਵਜੇ ਖੋਲ੍ਹਣ ਦੀ ਯੋਜਨਾ ਸੀ ਪਰ ਬਾਅਦ ਵਿੱਚ ਪਾਬੰਦੀਆਂ ਦੀ ਮਿਆਦ ਵਧਾ ਕੇ ਰਾਤ 10 ਵਜੇ ਤੱਕ ਕਰ ਦਿੱਤੀ ਗਈ।
ਇਸ ਦੌਰਾਨ ਰਾਜੀਵ ਚੌਕ, ਕੇਂਦਰੀ ਸਕੱਤਰੇਤ, ਪਟੇਲ ਚੌਕ, ਜਨਪਥ, ਮੰਡੀ ਹਾਊਸ, ਆਈਟੀਓ, ਕਸ਼ਮੀਰੀ ਗੇਟ ਅਤੇ ਨਵੀਂ ਦਿੱਲੀ ਸਮੇਤ ਕਈ ਪ੍ਰਮੁੱਖ ਮੈਟਰੋ ਸਟੇਸ਼ਨ ਪ੍ਰਭਾਵਿਤ ਰਹੇ। ਸਟੇਸ਼ਨਾਂ ਦੇ ਮੁੜ ਖੁੱਲ੍ਹਣ ਨਾਲ ਯਾਤਰੀਆਂ ਨੂੰ ਆਵਾਜਾਈ ਵਿੱਚ ਮੁੜ ਆਮ ਸਹੂਲਤ ਮਿਲ ਗਈ ਹੈ।

