Delhi Mayor Election:ਭਾਜਪਾ ਦੇ ਪ੍ਰਵੇਸ਼ ਵਾਹੀ ਨਗਰ ਨਿਗਮ ਦੇ ਮੇਅਰ ਬਣੇ
ਭਾਜਪਾ ਉਮੀਦਵਾਰ ਨੂੰ 156 ਵੋਟਾਂ ਅਤੇ ਕਾਂਗਰਸ ਦੇ ਹਾਜ਼ੀ ਜ਼ਰਫ਼ ਨੂੰ ਨੌਂ ਵੋਟਾਂ ਮਿਲੀਆਂ
ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਲਈ ਮੈਦਾਨ ’ਚ ਨਿੱਤਰੇ ਰੋਹਿਣੀ ਪੂਰਬ ਤੋਂ ਭਾਜਪਾ ਕੌਂਸਲਰ ਪ੍ਰਵੇਸ਼ ਵਾਹੀ 156 ਵੋਟਾਂ ਨਾਲ ਜਿੱਤ ਗਏ। ਅੱਜ ਸਿਵਿਕ ਸੈਂਟਰ ਵਿੱਚ ਮੇਅਰ ਦੀ ਚੋਣ ਦੌਰਾਨ ਪ੍ਰਵੇਸ਼ ਵਾਹੀ ਨੂੰ 156 ਵੋਟਾਂ ਪਈਆਂ, ਜਿਸ ਵਿੱਚ ਇੰਦਰਪ੍ਰਸਥ ਵਿਕਾਸ ਪਾਰਟੀ ਦੇ 14 ਕੌਂਸਲਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ। ਦੂਜੇ ਪਾਸੇ ਕਾਂਗਰਸ ਉਮੀਦਵਾਰ ਹਾਜ਼ੀ ਜ਼ਰਫ਼ ਨੂੰ ਸਿਰਫ਼ ਨੌਂ ਵੋਟਾਂ ਪਈਆਂ। ਇਸ ਦੌਰਾਨ ਆਨੰਦ ਵਿਹਾਰ ਤੋਂ ਭਾਜਪਾ ਕੌਂਸਲਰ ਮੋਨਿਕਾ ਪੰਤ ਨਗਰ ਨਿਗਮ ਦੀ ਡਿਪਟੀ ਮੇਅਰ ਚੁਣੀ ਗਈ ਹੈ। ਉਨ੍ਹਾਂ ਨੂੰ ਕੁੱਲ 156 ਵੋਟਾਂ ਮਿਲੀਆਂ। ਬੇਗਮਪੁਰ ਦੇ ਭਾਜਪਾ ਕੌਂਸਲਰ ਜੈ ਭਗਵਾਨ ਯਾਦਵ, ਪਹਾੜਗੰਜ ਤੋਂ ਭਾਜਪਾ ਕੌਂਸਲਰ ਮਨੀਸ਼ ਚੱਢਾ ਅਤੇ ਸ਼ਾਲੀਮਾਰ ਬਾਗ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਜਲਜ ਚੌਧਰੀ ਨਗਰ ਨਿਗਮ ਦੀ ਸਥਾਈ ਕਮੇਟੀ ਦੇ ਮੈਂਬਰ ਚੁਣੇ ਗਏ। ਮੇਅਰ ਚੁਣੇ ਜਾਣ ’ਤੇ ਵਾਹੀ ਨੇ ਮੁੱਖ ਮੰਤਰੀ ਰੇਖਾ ਗੁਪਤਾ ਅਤੇ ਭਾਜਪਾ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਦਿੱਲੀ ਨੂੰ ਸਾਫ਼ ਅਤੇ ਦਿੱਲੀ ਦੇ ਵਿਕਾਸ ਲਈ ਕੰਮ ਕਰਨਗੇ। ਜ਼ਿਕਰਯੋਗ ਹੈ ਕਿ ਇਸ ਸਾਲ ਮੇਅਰ ਦੀ ਚੋਣ ਲਈ ਚੋਣ ਮੰਡਲ ਵਿੱਚ ਕੁੱਲ 273 ਵੋਟਾਂ ਸਨ, ਜਿਨ੍ਹਾਂ ਵਿੱਚ 249 ਕੌਂਸਲਰ, ਦਿੱਲੀ ਵਿਧਾਨ ਸਭਾ ਦੇ ਨਾਮਜ਼ਦ 14 ਵਿਧਾਇਕ, ਸੱਤ ਲੋਕ ਸਭਾ ਮੈਂਬਰ ਅਤੇ ਤਿੰਨ ਰਾਜ ਸਭਾ ਮੈਂਬਰ ਸ਼ਾਮਲ ਹਨ। ਜਿੱਤ ਲਈ ਉਮੀਦਵਾਰ ਨੂੰ 137 ਵੋਟਾਂ ਦੀ ਲੋੜ ਸੀ। ‘ਆਪ’ ਨੇ ਮੇਅਰ ਚੋਣ ਵਿੱਚ ਹਿੱਸਾ ਨਹੀਂ ਲਿਆ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰਧਾਨ ਸੌਰਭ ਭਾਰਦਵਾਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਕਦਮ ਨਾਲ ਭਾਜਪਾ ਨੂੰ ਨਗਰ ਨਿਗਮ ਦਾ ਕੰਟਰੋਲ ਮਿਲ ਜਾਵੇਗਾ ਅਤੇ ‘ਆਪ’ ਨੂੰ ਸ਼ਾਸਨ ਦੇ ਮੋਰਚੇ ’ਤੇ ਸੱਤਾਧਾਰੀ ਪਾਰਟੀ ਦਾ ਅਸਲੀ ਚਿਹਰਾ ਨੰਗਾ ਕਰਨ ਵਿੱਚ ਮਦਦ ਮਿਲੇਗੀ। ਭਾਰਦਵਾਜ ਨੇ ਕਿਹਾ ਕਿ ਹਰ ਖੇਤਰ ਵਿੱਚ ਸੱਤਾ ਵਿੱਚ ਹੋਣ ਦੇ ਬਾਵਜੂਦ ਭਾਜਪਾ ਦਿੱਲੀ ਵਿੱਚ ਕੋਈ ਬਦਲਾਅ ਲਿਆਉਣ ਵਿੱਚ ਨਾਕਾਮ ਰਹੀ ਹੈ। ਭਾਜਪਾ ਨੂੰ ਕੰਮ ਕਰਨਾ ਨਹੀਂ ਆਉਂਦਾ। ਸਿਰਫ਼ ਆਮ ਆਦਮੀ ਪਾਰਟੀ ਹੀ ਕੰਮ ਕਰਨਾ ਜਾਣਦੀ ਹੈ। ਇਸ ਤੋਂ ਪਹਿਲਾਂ ‘ਆਪ’ ਨੇ ਮੇਅਰ ਦੇ ਅਹੁਦੇ ’ਤੇ ਕਬਜ਼ਾ ਕੀਤਾ ਸੀ, ਜਿਸ ਵਿੱਚ ਮਹੇਸ਼ ਕੁਮਾਰ ਖਿੰਚੀ ਨੇ ਨਵੰਬਰ 2024 ਵਿੱਚ ਸਿਰਫ਼ ਤਿੰਨ ਵੋਟਾਂ ਨਾਲ ਚੋਣ ਜਿੱਤੀ ਸੀ। ਜ਼ਿਕਰਯੋਗ ਹੈ ਕਿ 2022 ਵਿੱਚ ਪੂਰਬੀ ਦਿੱਲੀ ਨਗਰ ਨਿਗਮ, ਉੱਤਰੀ ਦਿੱਲੀ ਨਗਰ ਨਿਗਮ ਅਤੇ ਦੱਖਣੀ ਦਿੱਲੀ ਨਗਰ ਨਿਗਮ ਨੂੰ ਦਿੱਲੀ ਨਗਰ ਨਿਗਮ ਨਾਲ ਜੋੜ ਦਿੱਤਾ ਗਿਆ ਸੀ।

