Delhi: ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਨੇਹਾ ਦੇ ਸਮਰਥਨ ਵਿੱਚ ਆਏ 'INDIA' ਗਠਜੋੜ ਦੇ ਆਗੂ
ਦੀਪਾਂਕਰ ਭੱਟਾਚਾਰੀਆ, ਡੇਰੇਕ ਓ'ਬ੍ਰਾਇਨ ਅਤੇ ਮਨੋਜ ਝਾਅ ਵੱਲੋਂ ਦਿੱਲੀ ਪੁਲੀਸ ਦੀ ਕਾਰਵਾਈ ਦੀ ਸਖ਼ਤ ਆਲੋਚਨਾ
'ਇੰਡੀਆ' (INDIA) ਗਠਜੋੜ ਦੇ ਆਗੂਆਂ ਨੇ ਐਤਵਾਰ ਨੂੰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ/AISA) ਦੀ ਕੌਮੀ ਪ੍ਰਧਾਨ ਨੇਹਾ ਦਾ ਸਮਰਥਨ ਕੀਤਾ, ਜਿਨ੍ਹਾਂ ਨੂੰ ਪੁਲੀਸ ਨੇ ਜੰਤਰ-ਮੰਤਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਦੌਰਾਨ ਹਿਰਾਸਤ ਵਿੱਚ ਲੈ ਲਿਆ ਸੀ। ਦੋਸ਼ ਹੈ ਕਿ ਉਨ੍ਹਾਂ ਨੂੰ ਇੱਕ ਅਜਿਹੀ ਨਿੱਜੀ ਗੱਡੀ ਵਿੱਚ ਲਿਜਾਇਆ ਗਿਆ, ਜਿਸ 'ਤੇ ਸਰਕਾਰੀ ਨੰਬਰ ਪਲੇਟ ਨਹੀਂ ਸੀ, ਜਿਸ ਕਾਰਨ ਸ਼ੁਰੂ ਵਿੱਚ ਉਨ੍ਹਾਂ ਦੇ ਸਾਥੀਆਂ ਅਤੇ ਸਮਰਥਕਾਂ ਨੂੰ ਉਨ੍ਹਾਂ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ।
ਆਇਸਾ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਗੱਡੀ ਵਿੱਚ ਕੋਈ ਵੀ ਮਹਿਲਾ ਪੁਲੀਸ ਅਧਿਕਾਰੀ ਮੌਜੂਦ ਨਹੀਂ ਸੀ। ਉਨ੍ਹਾਂ ਇਹ ਵੀ ਕਿਹਾ ਕਿ ਨੇਹਾ ਨੂੰ ਲਿਜਾਏ ਜਾਣ ਤੋਂ ਬਾਅਦ ਉਹ ਉਨ੍ਹਾਂ ਨਾਲ ਸੰਪਰਕ ਕਰਨ ਵਿੱਚ ਅਸਮਰੱਥ ਸਨ।
'ਆਲ ਇੰਡੀਆ ਡੈਮੋਕ੍ਰੇਟਿਕ ਵੂਮੈਨਸ ਐਸੋਸੀਏਸ਼ਨ' (ਏ ਆਈ ਡੀ ਡਬਲਿਊ ਏ/AIDWA) ਦੀਆਂ ਆਗੂਆਂ ਆਸ਼ਾ ਸ਼ਰਮਾ ਅਤੇ ਮੈਮੂਨਾ ਮੁੱਲਾ, ਆਰ ਟੀ ਆਈ (RTI) ਕਾਰਕੁਨ ਅੰਜਲੀ ਭਾਰਦਵਾਜ, ਸਮਾਜਿਕ ਕਾਰਕੁਨ ਨਵਸ਼ਰਨ ਸਿੰਘ ਅਤੇ ਹੋਰ ਸੀਨੀਅਰ ਆਗੂ ਸੰਸਦ ਮਾਰਗ ਥਾਣੇ ਪਹੁੰਚੇ। ਉਹ ਨੇਹਾ ਅਤੇ ਹੋਰ ਮਹਿਲਾ ਕਾਰਕੁਨਾਂ ਬਾਰੇ ਜਾਣਕਾਰੀ ਲੈਣ ਗਏ ਸਨ, ਜਿਨ੍ਹਾਂ ਨੂੰ ਕਥਿਤ ਤੌਰ 'ਤੇ ਬਿਨਾਂ ਨੰਬਰ ਵਾਲੀਆਂ ਨਿੱਜੀ ਕਾਰਾਂ ਵਿੱਚ ਲਿਜਾਇਆ ਗਿਆ ਸੀ। ਬਾਅਦ ਵਿੱਚ, ਨੇਹਾ ਨੂੰ ਨਰੇਲਾ ਸਨਅਤੀ (ਉਦਯੋਗਿਕ) ਖੇਤਰ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ।
ਉਨ੍ਹਾਂ ਦੀ ਰਿਹਾਈ 'ਤੇ ਪ੍ਰਤੀਕਿਰਿਆ ਦਿੰਦੇ ਹੋਏ,ਤ੍ਰਿਣਮੂਲ ਕਾਂਗਰਸ ਦੇ ਆਗੂ ਡੇਰੇਕ ਓ'ਬ੍ਰਾਇਨ ਨੇ ਕਿਹਾ ਕਿ ਨੇਹਾ ਨੂੰ (ਪੁਲੀਸ ਵੱਲੋਂ) ਲਿਜਾਏ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਉਹ ਕਾਫੀ ਚਿੰਤਤ ਸਨ। ਓ'ਬ੍ਰਾਇਨ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) 'ਤੇ ਇੱਕ ਪੋਸਟ ਵਿੱਚ ਕਿਹਾ, ''ਕਾਫੀ ਚਿੰਤਤ ਸੀ... ਇਹ ਜਾਣ ਕੇ ਰਾਹਤ ਮਿਲੀ ਕਿ ਪੁਲੀਸ ਦੀ ਕਾਰ ਵਿੱਚ ਜ਼ਬਰਦਸਤੀ ਬੈਠਾਏ ਜਾਣ ਤੋਂ ਬਾਅਦ, ਹੁਣ ਨੇਹਾ ਨੂੰ ਨਰੇਲਾ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਮੀਟਿੰਗਾਂ ਤੋਂ ਪਰੇ, 'ਇੰਡੀਆ' (ਗਠਜੋੜ) ਜ਼ਮੀਨੀ ਪੱਧਰ 'ਤੇ ਮਜ਼ਬੂਤੀ ਨਾਲ ਖੜ੍ਹਾ ਹੈ।''
ਉੱਥੇ ਹੀ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਨੇਹਾ ਨੂੰ ਹਿਰਾਸਤ ਵਿੱਚ ਲੈਣਾ ''ਅਗਵਾ'' ਕਰਨ ਦੇ ਬਰਾਬਰ ਹੈ ਅਤੇ ਦਿੱਲੀ ਪੁਲੀਸ ਤੁਰੰਤ ਉਨ੍ਹਾਂ ਦੇ ਟਿਕਾਣੇ ਦਾ ਖੁਲਾਸਾ ਕਰੇ।
ਉਨ੍ਹਾਂ ਦੀ ਰਿਹਾਈ ਤੋਂ ਬਾਅਦ, ਭੱਟਾਚਾਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਨੇਹਾ ਨੂੰ ਨਰੇਲਾ ਸਨਅਤੀ ਖੇਤਰ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਆਰ ਜੇ ਡੀ ਦੇ ਆਗੂ ਮਨੋਜ ਝਾਅ ਨੇ ਵੀ ਪੁਲੀਸ ਦੀ ਕਾਰਵਾਈ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਭਾਵੇਂ ਦਿੱਲੀ ਪੁਲੀਸ ਕਿਸੇ 'ਸ਼ਹਿਨਸ਼ਾਹ' ਦੇ ਇਸ਼ਾਰੇ 'ਤੇ ਕੰਮ ਕਰ ਰਹੀ ਹੋਵੇ, ਪਰ ਉਸਨੂੰ ਘੱਟੋ-ਘੱਟ ਇੱਕ ਵਾਰ ਰੁਕ ਕੇ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਹ ਆਪਣੇ ਵਰਗੇ ਹੀ ਪਰਿਵਾਰਾਂ ਦੇ ਮੈਂਬਰਾਂ ਨਾਲ ਅਜਿਹਾ ਬੇਰਹਿਮੀ ਵਾਲਾ ਵਤੀਰਾ ਕਿਉਂ ਕਰ ਰਹੇ ਹਨ।"
ਉੱਥੇ ਹੀ ਆਇਸਾ ਨੇ ਕਿਹਾ ਕਿ ਨੇਹਾ ਨੂੰ ਥਾਣੇ ਤੋਂ ਰਿਹਾਅ ਕਰ ਦਿੱਤਾ ਗਿਆ, ਪਰ ਕਥਿਤ ਤੌਰ 'ਤੇ ਉਨ੍ਹਾਂ ਦਾ ਫ਼ੋਨ ਅਤੇ ਬੈਗ ਉਨ੍ਹਾਂ ਕੋਲ ਨਹੀਂ ਸੀ। ਜ਼ਿਕਰਯੋਗ ਹੈ ਕਿ ਇਹ ਘਟਨਾਕ੍ਰਮ ਉਦੋਂ ਵਾਪਰਿਆ ਜਦੋਂ ਆਇਸਾ ਦੇ ਕਾਰਕੁਨਾਂ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਲਗਾਤਾਰ ਤੀਜੇ ਦਿਨ ਜੰਤਰ-ਮੰਤਰ ਪਰਤਣ ਦੀ ਕੋਸ਼ਿਸ਼ ਕੀਤੀ।

