Delhi Hotel Fire: ਮਾਲਵੀਆ ਨਗਰ ਅੱਗ ਹਾਦਸੇ 'ਚ 21 ਲੋਕਾਂ ਦੀ ਮੌਤ ਤੋਂ ਬਾਅਦ ਹੋਟਲ ਮਾਲਕ ਗ੍ਰਿਫ਼ਤਾਰ
ਪੁਲੀਸ ਨੇ ਲੁੱਕ ਆਊਟ ਸਰਕੂਲਰ ਕੀਤਾ ਸੀ ਜਾਰੀ
ਦਿੱਲੀ ਪੁਲੀਸ ਨੇ ਮਾਲਵੀਆ ਨਗਰ ਇਲਾਕੇ ਦੀ ਉਸ ਹੋਟਲ ਦੇ ਮਾਲਕ ਲਵਕੇਸ਼ ਬਜਾਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿੱਥੇ ਬੁੱਧਵਾਰ ਨੂੰ ਭਿਆਨਕ ਅੱਗ ਲੱਗਣ ਕਾਰਨ 21 ਲੋਕਾਂ ਦੀ ਜਾਨ ਚਲੀ ਗਈ ਸੀ।
ਦੱਖਣੀ ਦਿੱਲੀ ਦੇ ਭੀੜ-ਭੜੱਕੇ ਵਾਲੇ ਹੌਜ਼ ਰਾਣੀ ਇਲਾਕੇ ਵਿੱਚ ਸਥਿਤ 'ਫਲੋਰਿਸ਼ ਸਟੇਅ ਬੀ ਐਂਡ ਬੀ' (Flourish Stay B&B) ਵਿੱਚ ਅੱਗ ਲੱਗਣ ਦੇ ਕੁਝ ਘੰਟਿਆਂ ਬਾਅਦ ਹੀ ਬਜਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਪੁਲੀਸ ਨੇ ਇਸ ਤੋਂ ਪਹਿਲਾਂ ਬਜਾਜ ਅਤੇ ਉਸ ਦੀ ਪਤਨੀ ਖ਼ਿਲਾਫ਼ ਲੁੱਕ ਆਊਟ ਸਰਕੂਲਰ (LOC) ਜਾਰੀ ਕੀਤਾ ਸੀ ਅਤੇ ਉਨ੍ਹਾਂ ਦੀ ਭਾਲ ਲਈ ਮੁਹਿੰਮ ਸ਼ੁਰੂ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਅੱਗ ਇਲਾਕੇ ਦੀ ਇੱਕ ਭੀੜੀ ਗਲੀ ਵਿੱਚ ਕਥਿਤ ਤੌਰ 'ਤੇ ਬਿਨਾਂ ਫਾਇਰ ਐੱਨਓਸੀ (NOC - ਅੱਗ ਬੁਝਾਊ ਵਿਭਾਗ ਦੀ ਮਨਜ਼ੂਰੀ) ਦੇ ਚੱਲ ਰਹੇ ਹੋਟਲ ਵਿੱਚ ਲੱਗੀ, ਜਿਸ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚ 10 ਭਾਰਤੀ, ਨੌਂ ਅਫ਼ਰੀਕੀ ਨਾਗਰਿਕ ਅਤੇ ਦੋ ਤੁਰਕਮੇਨਿਸਤਾਨ ਦੇ ਨਾਗਰਿਕ ਸ਼ਾਮਲ ਹਨ।
ਅੱਗ ਇਸ ਪੰਜ ਮੰਜ਼ਿਲਾ ਇਮਾਰਤ ਵਿੱਚ ਤੇਜ਼ੀ ਨਾਲ ਫੈਲ ਗਈ, ਜਿਸ ਕੋਲ ਕਥਿਤ ਤੌਰ 'ਤੇ ਲਾਜ਼ਮੀ ਫਾਇਰ ਨੋ-ਓਬਜੈਕਸ਼ਨ ਸਰਟੀਫਿਕੇਟ (NOC) ਨਹੀਂ ਸੀ। ਇਮਾਰਤ ਵਿੱਚ ਅੰਦਰ ਆਉਣ-ਜਾਣ ਦਾ ਸਿਰਫ਼ ਇੱਕ ਹੀ ਰਸਤਾ ਸੀ, ਖਿੜਕੀਆਂ ਪੱਕੇ ਤੌਰ 'ਤੇ ਬੰਦ ਸਨ ਅਤੇ ਮੁੱਖ ਦਰਵਾਜ਼ਾ ਸੈਂਸਰ ਨਾਲ ਚੱਲਣ ਵਾਲਾ ਸੀ। ਜਾਂਚ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਨ੍ਹਾਂ ਕਾਰਨਾਂ ਕਰਕੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਰੁਕਾਵਟ ਆਈ।
ਘੱਟੋ-ਘੱਟ 58 ਲੋਕਾਂ ਨੂੰ ਬਚਾ ਕੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿੱਥੇ 21 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਂਚ ਅਧਿਕਾਰੀਆਂ ਨੇ ਕਿਹਾ ਕਿ ਹੋਟਲ ਆਪਣੀ ਤੈਅ ਸਮਰੱਥਾ ਤੋਂ ਕਿਤੇ ਵੱਧ ਅਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਕੇ ਚਲਾਇਆ ਜਾ ਰਿਹਾ ਸੀ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਦੀ 'ਬੈੱਡ ਐਂਡ ਬ੍ਰੇਕਫਾਸਟ' ਨੀਤੀ ਤਹਿਤ ਇਸ ਹੋਟਲ ਨੂੰ ਸਿਰਫ਼ ਛੇ ਕਮਰਿਆਂ ਦੀ ਇਜਾਜ਼ਤ ਸੀ, ਪਰ ਕਥਿਤ ਤੌਰ 'ਤੇ ਇੱਥੇ ਲਗਪਗ 25 ਕਮਰੇ ਚਲਾਏ ਜਾ ਰਹੇ ਸਨ, ਜਿਨ੍ਹਾਂ ਵਿੱਚੋਂ ਕੁਝ ਬੇਸਮੈਂਟ ਵਿੱਚ ਵੀ ਸਨ।
ਸੂਤਰਾਂ ਨੇ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਅਧਿਕਾਰੀਆਂ ਤੋਂ ਲੋੜੀਂਦੀ ਮਨਜ਼ੂਰੀ ਲਏ ਬਿਨਾਂ ਹੀ ਕਥਿਤ ਤੌਰ 'ਤੇ ਵਾਧੂ ਮੰਜ਼ਿਲਾਂ ਦਾ ਨਿਰਮਾਣ ਕੀਤਾ ਗਿਆ ਸੀ।
ਪੁਲੀਸ ਨੇ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ ਤਹਿਤ ਗੈਰ-ਇਰਾਦਤਨ ਹੱਤਿਆ (culpable homicide) ਅਤੇ ਹੋਰ ਸਬੰਧਤ ਧਾਰਾਵਾਂ ਤਹਿਤ ਐੱਫ ਆਈ ਆਰ (FIR) ਦਰਜ ਕਰ ਲਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪੁਲੀਸ ਇਸ ਹੋਟਲ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।

