ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਗੁਰਮਤਿ ਕੈਂਪ ਪਹਿਲੀ ਤੋਂ
ਸਿੱਖੀ ਵਿਰਸੇ ਨਾਲ ਜੋਡ਼ ਲਈ ਬੱਚਿਆਂ ਨੂੰ ਕੈਂਪਾਂ ਵਿੱਚ ਭੇਜਣ ਮਾਪੇ: ਕਾਲਕਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁੱਖ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ ਹੈ। ਇਸੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗੁਰਮਤਿ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਪੰਜਵਾਂ ਗੁਰਮਤਿ ਕੈਂਪ ਪਹਿਲੀ ਜੂਨ ਤੋਂ ਸ਼ੁਰੂ ਹੋਵੇਗਾ ਅਤੇ 20-21 ਜੂਨ ਨੂੰ ਇਤਿਹਾਸਕ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਚ ਸਮਾਪਤ ਹੋਵੇਗਾ।
ਸ੍ਰੀ ਕਾਲਕਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਸਿੱਖ ਬੱਚਿਆਂ ਨੂੰ ਗੁਰਸਿੱਖੀ ਰਹਿਤ ਮਰਿਆਦਾ, ਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ, ਪੰਜਾਬੀ ਭਾਸ਼ਾ ਅਤੇ ਸਿੱਖ ਕੌਮ ਦੇ ਇਤਿਹਾਸ ਨਾਲ ਜੋੜਿਆ ਜਾਵੇ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਸਿੱਖ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ, ਸੰਸਕਾਰਾਂ ਅਤੇ ਧਾਰਮਿਕ ਮੁੱਲਾਂ ਨਾਲ ਜੋੜਨ ਵੱਲ ਮਹੱਤਵਪੂਰਨ ਉਪਰਾਲਾ ਹੈ।
ਇਹ ਗੁਰਮਤਿ ਕੈਂਪ 1 ਤੋਂ 19 ਜੂਨ ਤੱਕ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਅਤੇ ਵੱਖ-ਵੱਖ ਸਿੰਘ ਸਭਾਵਾਂ ਵਿੱਚ ਲਾਏ ਜਾਣਗੇ। ਉਨ੍ਹਾਂ ਕਿਹਾ ਕਿ ਚਾਰ ਸਾਲ ਪਹਿਲਾਂ ਜਦੋਂ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਲਗਪਗ 4 ਹਜ਼ਾਰ ਵਿਦਿਆਰਥੀ ਇਸ ਦਾ ਹਿੱਸਾ ਬਣੇ ਸਨ, ਜੋ ਬਾਅਦ ਵਿੱਚ ਵਧ ਕੇ 12 ਹਜ਼ਾਰ ਅਤੇ ਫਿਰ 16 ਹਜ਼ਾਰ ਅਤੇ ਪਿਛਲੇ ਸਾਲ ਇਹ ਗਿਣਤੀ 20 ਹਜ਼ਾਰ ਸੀ। ਬੱਚਿਆਂ ਵਿੱਚ ਗੁਰਮਤਿ ਕੈਂਪਾਂ ਪ੍ਰਤੀ ਲਗਾਤਾਰ ਦਿਲਚਸਪੀ ਵਧ ਰਹੀ ਹੈ। ਇਸ ਵਾਰ ਉਮੀਦ ਹੈ ਕਿ ਕਰੀਬ 25 ਹਜ਼ਾਰ ਬੱਚੇ ਕੈਂਪਾਂ ਵਿੱਚ ਹਿੱਸਾ ਲੈਣਗੇ।
ਸ੍ਰੀ ਕਾਲਕਾ ਨੇ ਦੱਸਿਆ ਕਿ ਕੈਂਪਾਂ ਦੌਰਾਨ ਵਿਦਿਆਰਥੀਆਂ ਨੂੰ ਗੁਰਮੁਖੀ, ਗੁਰਸਿੱਖ ਜੀਵਨ ਜਾਚ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀ ਬਾਣੀ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਇਨ੍ਹਾਂ ਕੈਂਪਾਂ ਦਾ ਹਿੱਸਾ ਬਣਾਉਣ।
ਉਨ੍ਹਾਂ ਇਹ ਵੀ ਦੱਸਿਆ ਕਿ ਕੈਂਪਾਂ ਵਿੱਚ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਸਬੰਧੀ ਵਿਸ਼ੇਸ਼ ਪੁਸਤਕਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ, ਜਸਪ੍ਰੀਤ ਸਿੰਘ ਕਰਮਸਰ ਪ੍ਰਧਾਨ ਧਰਮ ਪ੍ਰਚਾਰ ਕਮੇਟੀ, ਕਮੇਟੀ ਦੇ ਮੈਂਬਰ ਅਤੇ ਸੁਖਦੇਵ ਸਿੰਘ ਰਿਆਤ ਵੀ ਹਾਜ਼ਰ ਸਨ।

