ਪੱਤਰ ਪ੍ਰੇਰਕ
ਨਵੀਂ ਦਿੱਲੀ, 10 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਤੀਜੀ ਧਿਰ ਵਜੋਂ ਸਥਾਪਤ ਹੋਣ ਲਈ ਯਤਨਸ਼ੀਲ ਪੰਥਕ ਸੇਵਾ ਦਲ ਦੇ ਸ਼ਿਵ ਨਗਰ ਤੋਂ ਉਮੀਦਵਾਰ ਮਲਕੀਅਤ ਸਿੰਘ ਪਾਹਵਾ ਵੱਲੋਂ ਇਲਾਕੇ ਦੇ ਮੁੱਖ ਗੁਰਦੁਆਰਿਆਂ ਦੇ ਅਹੁਦੇਦਾਰਾਂ ਨਾਲ ਬੈਠਕਾਂ ਕੀਤੀਆਂ ਤੇ ਆਪਣੇ ਵਿਚਾਰ ਅਤੇ ਪੰਥਕ ਸੇਵਾ ਦਲ ਦੇ ਏਜੰਡੇ ਬਾਰੇ ਵਿਸਥਾਰ ਵਿੱਚ ਦੱਸਿਆ। ਸ੍ਰੀ ਪਾਹਵਾ ਖ਼ੁਦ ਇਸ ਇਲਾਕੇ ਦੇ ਅਹਿਮ ਗੁਰਦੁਆਰੇ ਗੁਰਦੁਆਰਾ ਸ੍ਰੀ ਗੁਰੂ ਸਿੰੰਘ ਸਭਾ ਦੇ ਮੌਜੂਦਾ ਪ੍ਰਧਾਨ ਵੀ ਹਨ। ਉਹ ਇਲਾਕੇ ਦੇ ਰਾਮਗੜ੍ਹੀਆ ਗੁਰਦੁਆਰੇ ਵਿੱਚ ਵੀ ਮੱਥਾ ਟੇਕਣ ਗਏ। ਗੁਰਦੁਆਰੇ ਵਿਖੇ ਸਿੰਘ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਕਲਸੀ, ਜਨਰਲ ਸਕੱਤਰ ਸ਼ਲਿੰਦਰ ਸਿੰਘ ਤੇ ਐੱਚ.ਐੱਸ ਵਿਰਦੀ ਨੇ ਰਵਾਇਤ ਮੁਤਾਬਕ ਸ੍ਰੀ ਪਾਹਵਾ ਦਾ ਸਵਾਗਤ ਕੀਤਾ। ਉਮੀਦਵਾਰ ਨੇ ਇਸ ਮੌਕੇ ਕਿਹਾ ਕਿ ਦਿੱਲੀ ਦੇ ਸਿੱਖ ਭਾਈਚਾਰੇ ਨੇ 12 ਸਾਲ ਦਾ ਸਮਾਂ ਸਰਨਾ ਭਰਾਵਾਂ ਦੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਨੂੰ ਦਿੱਤਾ ਤੇ ਫਿਰ 6 ਸਾਲ ਮਨਜੀਤ ਸਿੰਘ ਜੀਕੇ ਨੂੰ ਦਿੱਤੇ। ਉਨ੍ਹਾਂ ਕਿਹਾ ਕਿ ਹੁਣ ਸੰਗਤ ਉਪਰੋਕਤ 18-19 ਸਾਲ ਦੇ ਕਾਰਜ ਉਪਰ ਝਾਤ ਮਾਰਨ ਤੇ ਦੇਖਣ ਕਿ ਸਕੂਲਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ। ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਦਿੱਲੀ ਕਮੇਟੀ ਦੇ ਤਿੰਨ ਪ੍ਰਧਾਨਾਂ ਖ਼ਿਲਾਫ਼ ਦਿੱਲੀ ਪੁਲੀਸ ਵੱਲੋਂ ਮੁਕੱਦਮੇ ਦਰਜ ਕਰਨਾ ਸਾਬਤ ਕਰਦਾ ਹੈ ਕਿ ਉੱਥੇ ਹਾਲਤ ਕਿਹੋ ਜਿਹੇ ਹਨ। ਸ੍ਰੀ ਪਾਹਵਾ ਨੇ ਸੰਗਤ ਨਾਲ ਵਾਅਦਾ ਕੀਤਾ ਕਿ ਪੰਥਕ ਸੇਵਾ ਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀਆਂ ਕਮੀਆਂ ਦੂਰ ਕੀਤੀਆਂ ਜਾਣਗੀਆਂ ਤੇ ਦਿੱਲੀ ਗੁਰਦੁਆਰਾ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕੀਤਾ ਜਾਵੇਗਾ। ਸ੍ਰੀ ਪਾਹਵਾ ਨੇ ਕਿਹਾ ਕਿ ਚੋਣ ਡਾਇਰੈਕਟੋਰੇਟ ਵੱਲੋਂ ਉਮੀਦਵਾਰਾਂ ਦਾ ਪੰਜਾਬੀ ਪੜ੍ਹਨ ਤੇ ਲਿਖੇ ਜਾਣ ਦਾ ਟੈਸਟ ਪੰਥਕ ਸੇਵਾ ਦਲ ਵੱਲੋਂ ਉਠਾਏ ਇਸ ਮੁੁੱਦੇ ਮਗਰੋਂ ਹੀ ਲੈਣਾ ਸ਼ੁਰੂ ਕੀਤਾ ਗਿਆ।