ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਸਤੰਬਰ
ਦਿੱਲੀ ਦੇ ਸਿਹਤ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਦੀ ਗਿਣਤੀ ਘਟੀ ਹੈ ਅਤੇ ਅਧਿਕਾਰੀਆਂ ਨੂੰ ਸ਼ਹਿਰ-ਵਿਆਪੀ ਜਾਗਰੂਕਤਾ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਭਾਰਦਵਾਜ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਕਿਹਾ ਕਿ ਪਿਛਲੇ ਹਫ਼ਤੇ ਦਿੱਲੀ ਨਗਰ ਨਿਗਮ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਸੀ। ਉਸ ਮੀਟਿੰਗ ਦੌਰਾਨ ਐੱਮਸੀਡੀ ਅਧਿਕਾਰੀਆਂ ਨੇ ਸਾਡੇ ਨਾਲ ਡਾਟਾ ਸਾਂਝਾ ਕੀਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਦੀ ਗਿਣਤੀ ਰੁਕੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਦਿੱਲੀ ਸਰਕਾਰ ਜਾਗਰੂਕਤਾ ਮੁਹਿੰਮ ਆਰੰਭ ਕਰੇਗੀ, ਜਿਸ ਲਈ ਸਿਹਤ ਵਿਭਾਗ ਤੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਗਈ ਹਨ। ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਡੇਂਗੂ ਅਤੇ ਹੋਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਲੜਨ ਲਈ ਚੁੱਕੇ ਗਏ ਉਪਾਵਾਂ ਨਾਲ ਸਬੰਧਤ ਅੰਕੜੇ ਸਾਂਝੇ ਕੀਤੇ ਹਨ। ਮੱਛਰ ਦੇ ਲਾਰਵੇ ਲਈ ਇਸ ਸਾਲ 2.85 ਕਰੋੜ ਸਥਾਨਾਂ ਦੀ ਜਾਂਚ ਕੀਤੀ ਗਈ ਹੈ। ਇਸ ਸਾਲ ਦਿੱਲੀ ਭਰ ਵਿੱਚ 2.40 ਲੱਖ ਸਥਾਨਾਂ ’ਤੇ ਮੱਛਰ ਦੇ ਲਾਰਵੇ ਪਾਏ ਗਏ ਹਨ। 1.29 ਲੱਖ ਘਰਾਂ ਦੇ ਮਾਲਕਾਂ ਨੂੰ ਨੋਟਿਸ ਦਿੱਤੇ ਹਨ। 56,000 ਤੋਂ ਵੱਧ ਨੂੰ ਜੁਰਮਾਨੇ ਕੀਤੇ ਗਏ ਹਨ।
ਦਿੱਲੀ ਦੇ ਕਈ ਵੱਡੇ ਹਸਪਤਾਲਾਂ ਵਿੱਚ ਅਚਾਨਕ ਡੇਂਗੂ ਦੇ ਮਰੀਜ਼ ਸਾਹਮਣੇ ਆਉਣ ਲੱਗੇ ਹਨ। ਫੋਰਟਿਸ, ਮੈਕਸ, ਰਾਮ ਮਨੋਹਰ ਲੋਹੀਆ, ਹੋਲੀ ਫੈਮਲੀ, ਦੇਸ਼ ਬੰਧੂ ਹਸਪਤਾਲ ਤੇ ਤੇਗ਼ ਬਹਾਦਰ ਹਸਪਤਾਲ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ।