
ਬਜਟ ਸੈਸ਼ਨ ਦੌਰਾਨ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। -ਫੋਟੋ: ਪੀਟੀਆਈ
ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਾਰਚ
ਦਿੱਲੀ ਸਰਕਾਰ ਤੇ ਕੇਂਦਰ ਸਰਕਾਰ ਦਰਮਿਆਨ ਚੱਲੀ ਆ ਰਹੀ ਖਿੱਚੋਤਾਣ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਨੇ ਸੂਬਾ ਸਰਕਾਰ ਦੇ ਵਿੱਤ ਵਰ੍ਹੇ 2023-24 ਦੇ ਸਾਲਾਨਾ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ 22 ਮਾਰਚ ਨੂੰ ਆਪਣਾ ਪਹਿਲਾ ਬਜਟ ਪੇਸ਼ ਕਰਨਗੇ। ਬੀਤੀ ਰਾਤ ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਸਰਕਾਰ ਦੇ 21 ਮਾਰਚ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਨੂੰ ਮਨਜ਼ੂਰੀ ਨਾ ਦਿੱਤੇ ਜਾਣ ਕਾਰਨ ਬਜਟ ਸੰਕਟ ਖੜ੍ਹਾ ਹੋ ਗਿਆ ਸੀ। ਉਪ ਰਾਜਪਾਲ ਦੇ ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਜ ‘ਆਪ’ ਸਰਕਾਰ ਦੇ ਬਜਟ ਨੂੰ ਮਨਜ਼ੂਰ ਕਰਨ ਦੀ ਜਾਣਕਾਰੀ ਦੇ ਦਿੱਤੀ ਹੈ।
ਉਪ ਰਾਜਪਾਲ ਦਫਤਰ ਨੇ ਦੋਸ਼ ਲਾਇਆ ਸੀ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀਆਂ ਨੇ ਜਾਣਬੁੱਝ ਕੇ ਝੂਠ ਬੋਲ ਕੇ ਦਿੱਲੀ ਦੇ ਲੋਕਾਂ ਤੇ ਮੀਡੀਆ ਨੂੰ ਗੁਮਰਾਹ ਕੀਤਾ ਅਤੇ ਦਿੱਲੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਲੋਕਾਂ ਦਾ ਧਿਆਨ ਭਟਕਾਇਆ। ਸੂਤਰਾਂ ਨੇ ਕਿਹਾ ਕਿ ‘ਆਪ’ ਸਰਕਾਰ ਨੇ ਝੂਠ ਬੋਲਿਆ ਕਿ ਕੇਂਦਰ ਸਰਕਾਰ ਨੇ ਦਿੱਲੀ ਸੂਬੇ ਦਾ ਬਜਟ ਰੋਕ ਦਿੱਤਾ, ਜੋ ਕਿ ਸਰਾਸਰ ਝੂਠ ਹੈ।
ਐੱਲਜੀ ਦਫ਼ਤਰ ਦੇ ਸੂਤਰਾਂ ਮੁਤਾਬਕ ਬਜਟ ਵਿਧਾਨ ਸਭਾ ਵਿੱਚ ਪੇਸ਼ ਕਰਨ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਦੀ ਸਹਿਮਤੀ ਤੇ ਮਨਜ਼ੂਰੀ ਲੈਣੀ ਹੁੰਦੀ ਹੈ। ਇਹ 28 ਸਾਲਾਂ ਤੋਂ ਹੋ ਰਿਹਾ ਹੈ। ਬਿਨਾਂ ਉਕਤ ਮਨਜ਼ੂਰੀ ਲਏ ਬਜਟ ਪੇਸ਼ ਕਰਨ ਦੀ ਤਾਰੀਕ ਤੈਅ ਕਰਨਾ ਗ਼ਲਤ ਹੈ ਤੇ ਇਹ ਸੂਬਾ ਸਰਕਾਰ ਦੇ ਗ਼ਲਤ ਇਰਾਦੇ ਨੂੰ ਪ੍ਰਗਟਾਉਂਦਾ ਹੈ।
ਦਿੱਲੀ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਸਦਨ ਵਿੱਚ ਹੰਗਾਮਾ ਹੋਇਆ ਤੇ ਬਜਟ ਮਨਜ਼ੂਰ ਕਰਨ ਦੇ ਮੁੱਦੇ ’ਤੇ ਸੱਤਾਧਾਰੀ ਧਿਰ ‘ਆਪ’ ਤੇ ਵਿਰੋਧੀ ਧਿਰ ਭਾਜਪਾ ਦੇ ਆਗੂਆਂ ਦਰਮਿਆਨ ਦੂਸ਼ਣਬਾਜ਼ੀ ਭਾਰੂ ਰਹੀ। ਸੈਸ਼ਨ ਦੌਰਾਨ ਦਿੱਲੀ ਦੇ ਵਿੱਤ ਮੰਤਰੀ ਕੈਲਾਸ਼ ਗਹਿਲੋਤ ਨੇ ਦੱਸਿਆ ਕਿ ਬਜਟ ਦੇ ਦਸਤਾਵੇਜ਼ 10 ਮਾਰਚ ਨੂੰ ਕੇਂਦਰ ਕੋਲ ਭੇਜੇ ਗਏ ਸਨ। ਇਸੇ ਦੌਰਾਨ ਭਾਜਪਾ ਵੱਲੋਂ ਸਦਨ ਵਿੱਚ ਸ਼ੋਰ ਪਾਇਆ ਗਿਆ ਅਤੇ ਵਿੱਤ ਮੰਤਰੀ ’ਤੇ ਬਜਟ ਨੂੰ ‘ਲੀਕ’ ਕਰਨ ਦਾ ਦੋਸ਼ ਲਾਇਆ। ਭਾਜਪਾ ਦੇ ਵਿਧਾਇਕ ਵਜਿੰਦਰ ਗੁਪਤਾ ਨੇ ਬਜਟ ਵੇਰਵੇ ਕਥਿਤ ਲੀਕ ਹੋਣ ਦਾ ਜ਼ਿਕਰ ਕਰਦੇ ਹੋਏ ਵਿਸ਼ੇਸ਼ ਅਧਿਕਾਰਾਂ ਦੇ ਉਲੰਘਣ ਦਾ ਨੋਟਿਸ ਦਿੱਤਾ। ਦੂਜੇ ਪਾਸੇ ‘ਆਪ’ ਵਿਧਾਇਕਾਂ ਨੇ ਵਿਧਾਇਕ ’ਤੇੇ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦਾ ਦੋਸ਼ ਲਾਇਆ। ‘ਆਪ’ ਵਿਧਾਇਕ ਸੰਜੀਵ ਝਾਅ ਵੱਲੋਂ ਇੱਕ ਮਤਾ ਵਿਧਾਇਕ ਗੁਪਤਾ ਖ਼ਿਲਾਫ਼ ਪੇਸ਼ ਕੀਤਾ ਗਿਆ ਤੇ ਬਹੁਮਤ ਨਾਲ ਉਸ ਨੂੰ ਪਾਸ ਕਰਨ ਮਗਰੋਂ ਸਪੀਕਰ ਨੇ ਵਜਿੰਦਰ ਗੁਪਤਾ ਨੂੰ ਅਗਲੇ ਬਜਟ ਸੈਸ਼ਨ ਤੱਕ ਮੁਅੱਤਲ ਕਰ ਦਿੱਤਾ। ਭਾਜਪਾ ਵਿਧਾਇਕਾਂ ਨੇ ਅੱਜ ਵੀ ਸੈਸ਼ਨ ਦਾ ਬਾਈਕਾਟ ਕੀਤਾ।
‘ਵੱਡੇ ਭਰਾ’ ਮੋਦੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ: ਕੇਜਰੀਵਾਲ
ਗ੍ਰਹਿ ਮੰਤਰਾਲੇ ਵੱਲੋਂ ਦਿੱਲੀ ਸਰਕਾਰ ਦੇ ਬਜਟ ਨੂੰ ਮਨਜ਼ੂਰੀ ਦੇਣ ਤੋਂ ਕੁਝ ਘੰਟੇ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ‘ਵੱਡਾ ਭਰਾ’ ਸੰਬੋਧਨ ਕਰਦਿਆਂ ਕਿਹਾ ਕਿ ਉਹ ਕੇਂਦਰ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਨ। ਦਿੱਲੀ ਵਿਧਾਨ ਸਭਾ ਦੇ ਬਜਟ ਇਜਲਾਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਸੂਬਾ ਸਰਕਾਰ ਵਿਚਾਲੇ ਝਗੜਾ ਨਾ ਹੁੰਦਾ ਤਾਂ ਦਿੱਲੀ ਨੇ 10 ਗੁਣਾ ਜ਼ਿਆਦਾ ਤਰੱਕੀ ਕੀਤੀ ਹੁੰਦੀ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਸਰਕਾਰ ਦੇ ਬਜਟ ’ਤੇ ਕੇਂਦਰ ਦਾ ਇਤਰਾਜ਼ ਪਰੰਪਰਾ ਤੋਂ ਹਟਣਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕੇਜਰੀਵਾਲ ਨੇ ਕਿਹਾ ਕਿ ਇਹ ਸੰਵਿਧਾਨ ’ਤੇ ਹਮਲਾ ਹੈ। ਬੀਆਰ ਅੰਬੇਦਕਰ ਨੇ ਵੀ ਅਜਿਹੀ ਸਥਿਤੀ ਬਾਰੇ ਨਹੀਂ ਸੋਚਿਆ ਹੋਵੇਗਾ, ਜਿੱਥੇ ਕੇਂਦਰ ਸਰਕਾਰ ਰਾਜ ਸਰਕਾਰ ਦਾ ਬਜਟ ਪੇਸ਼ ਕਰਨ ਤੋਂ ਰੋਕ ਦੇਵੇਗੀ। ਉਨ੍ਹਾਂ ਕਿਹਾ ਕਿ ਬਜਟ ਅੱਜ ਪੇਸ਼ ਕੀਤਾ ਜਾਣਾ ਸੀ। ਕੇਂਦਰ ਨੇ ਇਸ ਨੂੰ ਰੋਕ ਦਿੱਤਾ। ਦਿੱਲੀ ਸਰਕਾਰ ਨੇ ਬਜਟ ਵਿੱਚ ਕੋਈ ਬਦਲਾਅ ਕੀਤੇ ਬਿਨਾਂ ਐੱਮਐੱਚਏ ਦੇ ਸਵਾਲ ਦਾ ਜਵਾਬ ਦਿੱਤਾ ਅਤੇ ਉਨ੍ਹਾਂ ਨੇ ਹੁਣ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਚਾਹੁੰਦੇ ਸਨ ਕਿ ਕੇਜਰੀਵਾਲ ਝੁਕ ਜਾਵੇ ਪਰ ਇਹ ਉਨ੍ਹਾਂ ਦੀ ਹਉਮੈ ਹੈ, ਹੋਰ ਕੁਝ ਨਹੀਂ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਲੜਨਾ ਨਹੀਂ, ਲੜ ਕੇ ਥੱਕ ਗਏ ਹਾਂ ਅਤੇ ਇਸ ਨਾਲ ਲੋਕਾਂ ਦੀ ਸੇਵਾ ਨਹੀਂ ਹੋਣੀ। ਉਨ੍ਹਾਂ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਅਸੀਂ ਕੋਈ ਝਗੜਾ ਨਹੀਂ ਚਾਹੁੰਦੇ, ਜੇਕਰ ਪ੍ਰਧਾਨ ਮੰਤਰੀ ਦਿੱਲੀ ਜਿੱਤਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਸ਼ਹਿਰ ਦੇ ਲੋਕਾਂ ਦਾ ਦਿਲ ਜਿੱਤਣਾ ਹੋਵੇਗਾ। ਇਹ ਮੇਰਾ ਮੰਤਰ ਹੈ। ਤੁਸੀਂ ਵੱਡੇ ਭਰਾ ਹੋ ਤੇ ਮੈਂ ਛੋਟਾ ਭਰਾ ਹਾਂ। ਜੇਕਰ ਤੁਸੀਂ ਮੇਰਾ ਸਮਰਥਨ ਕਰਦੇ ਹੋ, ਜੇਕਰ ਤੁਸੀਂ ਛੋਟੇ ਭਰਾ (ਕੇਜਰੀਵਾਲ) ਦਾ ਦਿਲ ਜਿੱਤਣਾ ਚਾਹੁੰਦੇ ਹੋ ਤਾਂ ਉਸ ਨੂੰ ਪਿਆਰ ਕਰੋ।’’ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਦਾ ਬਜਟ ਮਨਜ਼ੂਰੀ ਲਈ ਕੇਂਦਰ ਨੂੰ ਭੇਜਣਾ ਸੰਵਿਧਾਨ ਅਤੇ ਲੋਕਤੰਤਰ ਦੇ ਮੂਲ ਢਾਂਚੇ ਦੇ ਖਿਲਾਫ਼ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਵਿਵਸਥਾ ਦੋ ਮਿੰਟ ਲਈ ਵੀ ਨਿਆਂਇਕ ਜਾਂਚ ਦਾ ਸਾਹਮਣਾ ਨਹੀਂ ਕਰੇਗੀ।
ਵਿਰੋਧੀਆਂ ਨੇ ‘ਆਪ’ ਸਰਕਾਰ ਘੇਰੀ
ਭਾਜਪਾ ਆਗੂ ਰਾਮਵੀਰ ਸਿੰਘ ਬਿਧੂੜੀ ਤੇ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਕਿ ਬਜਟ ਸੈਸ਼ਨ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟੀਵੀ ’ਤੇ ਬਿਆਨ ਦਿੱਤਾ ਤੇ ਇਹ ਨਿਯਮਾਂ ਦੀ ਉਲੰਘਣਾ ਹੈ। ਵਿੱਤ ਮੰਤਰੀ ਨੇ ਪਹਿਲਾਂ ਹੀ ਤਾਰੀਕ ਦੱਸ ਦਿੱਤੀ। ਭਾਜਪਾ ਨੇ ਮੰਗ ਕੀਤੀ ਕਿ ਵਿੱਤ ਮੰਤਰੀ ਕੈਲਾਸ਼ ਗਹਿਲੌਤ ਨੇ ਨਿਯਮਾਂ ਦੀ ਉਲੰਘਣਾਂ ਕੀਤੀ ਹੈ, ਇਸ ਲਈ ਉਹ ਅਸਤੀਫ਼ਾ ਦੇਣ। ਉਥੇ ਹੀ ਦਿੱਲੀ ਕਾਂਗਰਸ ਦੇ ਆਗੂਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ‘ਆਪ’ ਨੇ ਬਜਟ ਬਾਰੇ ਤਾਰੀਕ ਨਸ਼ਰ ਕਰ ਕੇ ਕੁਤਾਹੀ ਕੀਤੀ ਹੈ ਤੇ ਇਹ ਗੰਭੀਰ ਮਾਮਲਾ ਹੈ। ਕਾਂਗਰਸ ਨੇ ਆਪਣੇ 15 ਸਾਲ ਦੇ ਕਾਰਜਕਾਲ ਦਾ ਜ਼ਿਕਰ ਵੀ ਕੀਤਾ, ਜਿੱਥੇ ਕਦੇ ਅਜਿਹੇ ਹਾਲਾਤ ਨਹੀਂ ਬਣੇ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ