Delhi ਨੂੰ ਮਿਲਿਆ ਪਹਿਲਾ Women Police Station
ਸਬਜ਼ੀ ਮੰਡੀ ਤੋਂ ਹੋਈ ਸ਼ੁਰੂਆਤ; ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਥਾਣੇ ਦਾ ਉਦਘਾਟਨ ਕੀਤਾ
ਰਾਸ਼ਟਰੀ ਰਾਜਧਾਨੀ ਦੇ ਪਹਿਲੇ ਮਹਿਲਾ ਥਾਣੇ ਦਾ ਉਦਘਾਟਨ ਅੱਜ ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਕੀਤਾ ਗਿਆ, ਜਿਸ ਦਾ ਉਦੇਸ਼ ਮਹਿਲਾ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਉਨ੍ਹਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨਾਲ ਨਜਿੱਠਣ ਵਿੱਚ ਸੁਧਾਰ ਕਰਨਾ ਹੈ।
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਸਬਜ਼ੀ ਮੰਡੀ ਥਾਣਾ ਕੰਪਲੈਕਸ ਵਿਖੇ ਦਿੱਲੀ ਪੁਲੀਸ ਕਮਿਸ਼ਨਰ ਸਤੀਸ਼ ਗੋਲਛਾ ਦੀ ਮੌਜੂਦਗੀ ਵਿੱਚ ਇਸ ਪੁਲੀਸ ਥਾਣੇ ਦਾ ਉਦਘਾਟਨ ਕੀਤਾ।
ਇਹ ਦੇਖਦੇ ਹੋਏ ਕਿ ਇਹ ਥਾਣਾ ਰਾਜਧਾਨੀ ਵਿੱਚ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਸਿੱਧਾ ਪਲੇਟਫਾਰਮ ਵਜੋਂ ਕੰਮ ਕਰੇਗਾ, ਸੰਧੂ ਨੇ ਕਿਹਾ ਕਿ ਜਲਦੀ ਹੀ ਦੂਜੇ ਜ਼ਿਲ੍ਹਿਆਂ ਵਿੱਚ ਵੀ ਅਜਿਹੀਆਂ ਸਹੂਲਤਾਂ ਸਥਾਪਤ ਕੀਤੀਆਂ ਜਾਣਗੀਆਂ। ਉਪ ਰਾਜਪਾਲ ਨੇ ਇਹ ਵੀ ਐਲਾਨ ਕੀਤਾ ਕਿ ਸ਼ਨਿਚਰਵਾਰ ਤੋਂ ਸਾਰੇ ਸੀਨੀਅਰ ਪੁਲੀਸ ਅਧਿਕਾਰੀ ਸ਼ਹਿਰ ਭਰ ਦੇ ਥਾਣਿਆਂ ਵਿੱਚ ਜਨ ਸੁਣਵਾਈ ਪ੍ਰੋਗਰਾਮ ਤਹਿਤ ਜਨਤਾ ਦੀਆਂ ਸ਼ਿਕਾਇਤਾਂ ਸੁਣਨਗੇ।
ਅਧਿਕਾਰੀਆਂ ਨੇ ਦੱਸਿਆ ਕਿ ਨਵਾਂ ਸਥਾਪਿਤ ਕੀਤਾ ਗਿਆ ਇਹ ਥਾਣਾ ਦਿੱਲੀ ਦਾ ਪਹਿਲਾ ਅਜਿਹਾ ਥਾਣਾ ਹੈ ਜਿਸ ਵਿੱਚ ਸਾਰਾ ਸਟਾਫ਼ ਮਹਿਲਾਵਾਂ ਦਾ ਹੈ, ਜੋ ਸ਼ਹਿਰ ਵਿੱਚ ਵਧੇਰੇ ਲਿੰਗ-ਸੰਵੇਦਨਸ਼ੀਲ ਪੁਲੀਸ ਪ੍ਰਣਾਲੀ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।
ਇਸ ਥਾਣੇ ਦੀ ਸਥਾਪਨਾ ਔਰਤਾਂ ਵਿਰੁੱਧ ਗੰਭੀਰ ਅਪਰਾਧਾਂ, ਜਿਨ੍ਹਾਂ ਵਿੱਚ ਘਰੇਲੂ ਹਿੰਸਾ, ਜਿਨਸੀ ਸ਼ੋਸ਼ਣ, ਪਿੱਛਾ ਕਰਨਾ ਅਤੇ ਹਮਲੇ ਦੇ ਮਾਮਲੇ ਸ਼ਾਮਲ ਹਨ, ਦੀ ਰੋਕਥਾਮ, ਜਾਂਚ ਅਤੇ ਨਿਪਟਾਰੇ ’ਤੇ ਵਿਸ਼ੇਸ਼ ਧਿਆਨ ਦੇਣ ਲਈ ਕੀਤੀ ਗਈ ਹੈ। ਪੁਲੀਸ ਥਾਣੇ ਦਾ ਸਾਰਾ ਅਮਲਾ, ਜਾਂਚ ਅਧਿਕਾਰੀਆਂ ਤੋਂ ਲੈ ਕੇ ਸਹਾਇਕ ਸਟਾਫ਼ ਤੱਕ, ਮਹਿਲਾਵਾਂ ਹਨ। ਪੁਲੀਸ ਨੇ ਇਹ ਵੀ ਦੱਸਿਆ ਕਿ ਇਹ ਥਾਣਾ ਜਾਗਰੂਕਤਾ ਪ੍ਰੋਗਰਾਮ ਚਲਾਏਗਾ, ਕਾਉਂਸਲਿੰਗ ਮੁਹੱਈਆ ਕਰੇਗਾ, ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਤੇ ਔਰਤਾਂ ਦੇ ਅਧਿਕਾਰਾਂ ਤੇ ਕਾਨੂੰਨੀ ਉਪਚਾਰਾਂ ਬਾਰੇ ਜਾਗਰੂਕਤਾ ਵਧਾਉਣ ਲਈ ਆਊਟਰੀਚ ਮੁਹਿੰਮਾਂ ਸ਼ੁਰੂ ਕਰੇਗਾ।

