Delhi: ਫਰਜ਼ੀ JOB ਕਾਲ ਸੈਂਟਰ ਦਾ ਪਰਦਾਫਾਸ਼; ਤਿੰਨ ਗ੍ਰਿਫ਼ਤਾਰ
ਏਅਰਲਾਈਨ ਨੌਕਰੀਆਂ ਦੇ ਨਾਂ ’ਤੇ ਲੋਕਾਂ ਨਾਲ ਮਾਰਦੇ ਸਨ ਠੱਗੀ
ਦਿੱਲੀ ਪੁਲੀਸ ਨੇ ਲਕਸ਼ਮੀ ਨਗਰ ਵਿੱਚ ਇੱਕ ਜਾਅਲੀ ਕਾਲ ਸੈਂਟਰ ਦਾ ਪਰਦਾਫਾਸ਼ ਕਰਦਿਆਂ ਦੋ ਮਹਿਲਾਵਾਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਾਲ ਸੈਂਟਰ ਏਅਰਲਾਈਨ ਕੰਪਨੀਆਂ ਵਿੱਚ ਨੌਕਰੀ ਦੀ ਭਾਲ ਕਰ ਰਹੇ ਲੋਕਾਂ ਨੂੰ ਝਾਂਸਾ ਦੇ ਕੇ ਪੈਸੇ ਠੱਗਦਾ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ
ਪੁਲੀਸ ਅਧਿਕਾਰੀਆਂ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਜ਼ੈਦ (30) ਅਤੇ ਦੋ ਮਹਿਲਾਵਾਂ - ਸਦਫ਼ (24) ਅਤੇ ਤਨੀਸ਼ਾ (21) ਵਜੋਂ ਹੋਈ ਹੈ, ਜੋ ਸਾਰੇ ਦਿੱਲੀ ਦੇ ਰਹਿਣ ਵਾਲੇ ਹਨ। ਪੁਲੀਸ ਪੁੱਛਗਿੱਛ ਦੌਰਾਨ ਇਨ੍ਹਾਂ ਦੇ ਨਾਂ ਸਾਹਮਣੇ ਆਏ।
ਠੱਗੀ ਕਰਨ ਦਾ ਤਰੀਕਾ
ਮੁਲਜ਼ਮ ਏਅਰਲਾਈਨ ਕੰਪਨੀ ਦੇ ਪ੍ਰਤੀਨਿਧ ਬਣ ਕੇ ਨੌਕਰੀ ਦੇ ਚਾਹਵਾਨਾਂ ਨੂੰ 'ਗ੍ਰਾਉਂਡ ਡਿਊਟੀ' ਦੀ ਨੌਕਰੀ ਦਾ ਲਾਲਚ ਦਿੰਦੇ ਸਨ। ਇਸ ਤੋਂ ਬਾਅਦ ਰਜਿਸਟਰਡ ਅਤੇ ਰੁਜ਼ਗਾਰ ਨਾਲ ਜੁੜੇ ਹੋਰ ਖਰਚਿਆਂ ਦੇ ਨਾਂ ’ਤੇ ਯੂ.ਪੀ.ਆਈ. (UPI) ਰਾਹੀਂ ਪੈਸੇ ਟਰਾਂਸਫਰ ਕਰਵਾ ਲੈਂਦੇ ਸਨ।
ਪੁਲੀਸ ਕਾਰਵਾਈ ਅਤੇ ਮਾਮਲਾ ਦਰਜ
ਛੱਤੀਸਗੜ੍ਹ ਦੇ ਇੱਕ ਨਾਗਰਿਕ ਵੱਲੋਂ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ’ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਪੁਲੀਸ ਨੇ ਮਾਮਲੇ ਦੀ ਜਾਂਚ ਕਰਦਿਆਂ 20 ਅਗਸਤ ਨੂੰ ਐੱਫ.ਆਈ.ਆਰ. (FIR) ਦਰਜ ਕੀਤੀ ਅਤੇ ਲਕਸ਼ਮੀ ਨਗਰ ਤੋਂ ਇਸ ਗਰੁੱਪ ਨੂੰ ਕਾਬੂ ਕਰ ਲਿਆ।

