ਦਿੱਲੀ ਚੋਣਾਂ: ਕੇਜਰੀਵਾਲ ਨਵੀਂ ਦਿੱਲੀ ਹਲਕੇ ਤੋਂ ਲੜਨਗੇ ਚੋਣ
- ਕਾਂਗਰਸ ਦੇ ਸੰਦੀਪ ਦੀਕਸ਼ਤ ਨਾਲ ਹੋਵੇਗਾ ਮੁਕਾਬਲਾ; ‘ਆਪ’ ਵੱਲੋਂ 38 ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ
- ਗੋਪਾਲ ਰਾਏ ਬਾਬਰਪੁਰ, ਸੌਰਭ ਭਾਰਦਵਾਜ ਗਰੇਟਰ ਕੈਲਾਸ਼ ਤੇ ਸਤੇਂਦਰ ਜੈਨ ਸ਼ਕੂਰ ਬਸਤੀ ਤੋਂ ਲੜਨਗੇ ਚੋਣ
ਨਵੀਂ ਦਿੱਲੀ, 15 ਦਸੰਬਰ
ਆਮ ਆਦਮੀ ਪਾਰਟੀ (ਆਪ) ਨੇ ਆਗਾਮੀ ਦਿੱਲੀ ਅਸੈਂਬਲੀ ਚੋਣਾਂ ਲਈ ਅੱਜ ਆਪਣੇ ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕੀਤੀ ਜਿਸ ਮੁਤਾਬਕ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ। ਉਨ੍ਹਾਂ ਨੂੰ ਕਾਂਗਰਸ ਦੇ ਸੰਦੀਪ ਦੀਕਸ਼ਤ ਚੁਣੌਤੀ ਦੇਣਗੇ ਜਦਕਿ ਭਾਜਪਾ ਨੇ ਹਾਲੇ ਉਮੀਦਵਾਰ ਦਾ ਐਲਾਨ ਕਰਨਾ ਹੈ।
‘ਆਪ’ ਨੇ ਫਰਵਰੀ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਅੱਜ ਆਪਣੇ 38 ਉਮੀਦਵਾਰਾਂ ਦੀ ਆਖਰੀ ਸੂਚੀ ਜਾਰੀ ਕੀਤੀ ਤੇ ਅਰਵਿੰਦ ਕੇਜਰੀਵਾਲ ਨੂੰ ਨਵੀਂ ਦਿੱਲੀ ਜਦਕਿ ਮੁੱਖ ਮੰਤਰੀ ਆਤਿਸ਼ੀ ਸਿੰਘ ਨੂੰ ਕਾਲਕਾਜੀ ਹਲਕੇ ਤੋਂ ਉਮੀਦਵਾਰ ਐਲਾਨਿਆ। ਦਿੱਲੀ ਚੋਣਾਂ ਲਈ ਭਾਜਪਾ ਨੇ ਹਾਲੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਜਿਸ ਵੱਲੋਂ ਸਾਬਕਾ ਮੁੱਖ ਮੰਤਰੀ ਸਾਹਿਬ ਸਿੰੰਘ ਵਰਮਾ (ਮਰਹੂਮ) ਦੇ ਬੇਟੇ ਪਰਵੇਸ਼ ਵਰਮਾ ਨੂੰ ਕੇਜਰੀਵਾਲ ਖ਼ਿਲਾਫ਼ ਨਵੀਂ ਦਿੱਲੀ ਹਲਕੇ ਤੋਂ ਟਿਕਟ ਦੇਣ ਦੀ ਯੋਜਨਾ ਹੈ। ਕਾਂਗਰਸ ਵੱਲੋਂ 21 ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਹਾਲਾਂਕਿ ਕੇਜਰੀਵਾਲ ਕਾਂਗਰਸ ਨਾਲ ਗੱਠਜੋੜ ਤੋਂ ਕਈ ਵਾਰ ਇਨਕਾਰ ਕਰ ਚੁੱਕੇ ਹਨ, ਜਿਸ ਦੇ ਬਾਵਜੂਦ ਦੋਵੇਂ ਪਾਰਟੀਆਂ ਇੰਡੀਆ ਗੱਠਜੋੜ ’ਚ ਸ਼ਾਮਲ ਹੈ। ਲਗਾਤਾਰ ਤੀਜੀ ਵਾਰ ਸੱਤਾ ਹਾਸਲ ਕਰਨ ਦੀ ਉਮੀਦ ਲਾਈ ਬੈਠੀ ‘ਆਪ’ ਨੇ ਆਪਣੇ ਸੀਨੀਅਰ ਨੇਤਾਵਾਂ ਨੂੰ ਉਨ੍ਹਾਂ ਦੇ ਹਲਕਿਆਂ ਤੋਂ ਹੀ ਟਿਕਟ ਦਿੱਤੀ ਹੈ। ਸੂਚੀ ਮੁਤਾਬਕ ਵਾਤਾਵਰਨ ਮੰਤਰੀ ਗੋਪਾਲ ਰਾਏ ਬਾਬਰਪੁਰ ਤੋਂ, ਸਿਹਤ ਮੰਤਰੀ ਸੌਰਭ ਭਾਰਦਵਾਜ ਗਰੇਟਰ ਕੈਲਾਸ਼ ਤੋਂ ਅਤੇ ਸਾਬਕਾ ਸਿਹਤ ਮੰਤਰੀ ਸਤੇਂਦਰ ਜੈਨ ਸ਼ਕੂਰ ਬਸਤੀ ਹਲਕੇ ਤੋਂ ਚੋਣ ਲੜਨਗੇ। ਹੋਰ ਮੰਤਰੀਆਂ ਵਿੱਚੋਂ ਰਘੂਵੇਂਦਰ ਸ਼ੌਕੀਨ ਅਤੇ ਮੁਕੇਸ਼ ਕੁਮਾਰ ਅਹਿਲਾਵਤ ਨੂੰ ਕ੍ਰਮਵਾਰ ਨਾਂਗਲੋਈ ਜਾਟ ਤੇ ਸੁਲਤਾਨਪੁਰ ਮਾਜਰਾ ਹਲਕੇ ਤੋਂ ਟਿਕਟ ਦਿੱਤੀ ਗਈ ਹੈ। ਹੋਰ ਉਮੀਦਵਾਰਾਂ ’ਚ ਸੰਜੀਵ ਝਾਅ, ਅਜੇਸ਼ ਯਾਦਵ, ਦੁਰਗੇਸ਼ ਪਾਠਕ ਅਤੇ ਅਮਾਨਤਉੱਲ੍ਹਾ ਖ਼ਾਨ ਕ੍ਰਮਵਾਰ ਬੁਰਾਰੀ, ਬਦਲੀ, ਰਜਿੰਦਰ ਨਗਰ ਅਤੇ ਓਖਲਾ ਤੋਂ ਚੋਣ ਲੜਨਗੇ। ਦੂਜੇ ਪਾਸੇ ਕਾਂਗਰਸ ਵੱਲੋਂ 21 ਉਮੀਦਵਾਰ ਐਲਾਨੇ ਜਾ ਚੁੱਕੇ ਹਨ ਜਿਨ੍ਹਾਂ ’ਚ ਸੰਦੀਪ ਦੀਕਸ਼ਤ (ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ (ਮਰਹੂਮ) ਦੇ ਬੇਟੇ) ਬੇਟੇ ਦਾ ਨਾਮ ਵੀ ਸ਼ਾਮਲ ਹਨ, ਜੋ ਨਵੀਂ ਦਿੱਲੀ ਹਲਕੇ ਤੋਂ ਕੇਜਰੀਵਾਲ ਨੂੰ ਚੁਣੌਤੀ ਦੇਣਗੇ। ਕਾਂਗਰਸ ਵੱਲੋਂ ਅਨਿਲ ਕੁਮਾਰ ਨੂੰ ਪ੍ਰਤਾਪਗੰਜ ਤੋਂ ਟਿਕਟ ਦਿੱਤੀ ਗਈ ਹੈ। -ਪੀਟੀਆਈ
ਭਾਜਪਾ ਕੋਲ ਮੁੱਖ ਮੰਤਰੀ ਅਹੁਦੇ ਲਈ ਚਿਹਰਾ ਨਹੀਂ: ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਭਾਜਪਾ ਕੋਲ ‘ਮੁੱਖ ਮੰਤਰੀ ਅਹੁਦੇ ਲਈ ਕੋਈ ਚਿਹਰਾ’ ਨਹੀਂ ਹੈ। ‘ਐਕਸ’ ਉੱਤੇ ਪੋਸਟ ਵਿੱਚ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਪਾਰਟੀ ਇਹ ਚੋਣਾਂ ਪੂਰੇ ਉਤਸ਼ਾਹ ਤੇ ਪੂਰੀ ਤਿਆਰੀ ਨਾਲ ਲੜ ਰਹੀ ਹੈ। ਭਾਜਪਾ ਗਾਇਬ ਹੈ। ਉਨ੍ਹਾਂ ਕੋਲ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੈ, ਟੀਮ ਨਹੀਂ, ਯੋਜਨਾਬੰਦੀ ਨਹੀਂ ਅਤੇ ਦਿੱਲੀ ਵਾਸਤੇ ਨਜ਼ਰੀਆ ਵੀ ਨਹੀਂ ਹੈ। ਉਨ੍ਹਾਂ ਕੋਲ ਸਿਰਫ ਨਾਅਰਾ, ਸਿਰਫ ਇੱਕ ਨੀਤੀ ਅਤੇ ਸਿਰਫ ਇੱਕ ਹੀ ਮਿਸ਼ਨ ‘ਕੇਜਰੀਵਾਲ ਹਟਾਓ’’।’’ ਕੇਜਰੀਵਾਲ ਮੁਤਾਬਕ ਜਦੋਂ ਉਨ੍ਹਾਂ (ਭਾਜਪਾ) ਨੂੰ ਪੁੱਛਿਆ ਕਿ ਪੰਜ ਸਾਲਾਂ ’ਚ ਕੀ ਕੀਤਾ ਤਾਂ ਉਨ੍ਹਾਂ ਜਵਾਬ ਦਿੱਤਾ ‘‘ਕੇਜਰੀਵਾਲ ਨੂੰ ਬਹੁਤ ਗਾਲ੍ਹਾਂ ਕੱਢੀਆਂ।’’