ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 25 ਮਈ
ਦਿੱਲੀ ਨਗਰ ਨਿਗਮ ਨੇ ਅੱਜ ਇੱਥੇ ਨਰੈਣਾ ਉਦਯੋਗਿਕ ਖੇਤਰ ਵਿੱਚ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਚਲਾਈ ਅਤੇ ਅਧਿਕਾਰੀ ਬੁਲਡੋਜ਼ਰਾਂ ਨਾਲ ਮੌਕੇ ’ਤੇ ਪਹੁੰਚੇ ਅਤੇ ਗ਼ੈਰਕਾਨੂੰਨੀ ਅਸਥਾਈ ਢਾਂਚੇ ਹਟਾ ਦਿੱਤੇ। ਸਿਵਲ ਅਧਿਕਾਰੀਆਂ ਅਨੁਸਾਰ ਇਹ ਇੱਕ ਰੁਟੀਨ ਮੁਹਿੰਮ ਸੀ ਜਿੱਥੇ ਨਰੈਣਾ ਖੇਤਰ ਦੀਆਂ ਗਲੀਆਂ ਤੋਂ ਗੈਰਕਾਨੂੰਨੀ ਕੋਠੀਆਂ, ਅਸਥਾਈ ਢਾਂਚੇ, ਗੱਡੀਆਂ ਆਦਿ ਨੂੰ ਹਟਾ ਦਿੱਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਪੈਦਲ ਯਾਤਰੀਆਂ ਦੀ ਆਵਾਜਾਈ ਦੀ ਸਹੂਲਤ ਲਈ ਫੁੱਟਪਾਥ ਤੇ ਸੜਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕੀਤਾ ਗਿਆ। ਐਮਸੀਡੀ ਦੇ ਇੱਕ ਅਧਿਕਾਰੀ ਨੇ ਕਿਹਾ, ‘ਕਬਜ਼ਿਆਂ ਨੂੰ ਹਟਾਉਣਾ ਸ਼ਹਿਰੀ ਸੰਸਥਾ ਦਾ ਇੱਕ ਲਾਜ਼ਮੀ ਕੰਮ ਹੈ ਤੇ ਅਸੀਂ ਕਬਜ਼ਾ ਵਿਰੋਧੀ ਮੁਹਿੰਮ ਚਲਾਉਣ ਦਾ ਆਪਣਾ ਫਰਜ਼ ਨਿਭਾਅ ਰਹੇ ਹਾਂ। ਅਜਿਹੀਆਂ ਕਾਰਵਾਈਆਂ ਸ਼ਹਿਰ ਨੂੰ ਸਾਫ਼-ਸੁਥਰਾ ਤੇ ਕਬਜ਼ੇ ਮੁਕਤ ਬਣਾਉਣ ਲਈ ਜਾਰੀ ਰਹਿਣਗੀਆਂ।’
ਆਮ ਆਦਮੀ ਪਾਰਟੀ ਦੇ ਨੇਤਾ ਦੁਰਗੇਸ਼ ਪਾਠਕ ਨੇ ਨਰੈਣਾ ਵਿੱਚ ਕੀਤੀ ਗਈ ਕਾਰਵਾਈ ਦਾ ਵਿਰੋਧ ਕੀਤਾ ਤੇ ਦੋਸ਼ ਲਾਇਆ ਕਿ ਐੱਮਸੀਡੀ ਨੇ ਦੁਕਾਨਦਾਰਾਂ ਨੂੰ ਨੋਟਿਸ ਦਿੱਤੇ ਬਿਨਾਂ ਕਈ ਦੁਕਾਨਾਂ ਨੂੰ ਢਾਹ ਦਿੱਤਾ। ਦਿੱਲੀ ਨਗਰ ਨਿਗਮ (ਐੱਮਸੀਡੀ) ਐਤਵਾਰ ਨੂੰ ਰਸਮੀ ਤੌਰ ’ਤੇ ਹੋਂਦ ਵਿੱਚ ਆਈ ਸੀ ਜਿਸ ਵਿੱਚ ਆਈਏਐਸ ਅਫਸਰ ਅਸ਼ਵਨੀ ਕੁਮਾਰ ਤੇ ਗਿਆਨੇਸ਼ ਭਾਰਤੀ ਨੇ ਕ੍ਰਮਵਾਰ ਨਵੇਂ ਸਿਵਲ ਬਾਡੀ ਦੇ ਵਿਸ਼ੇਸ਼ ਅਧਿਕਾਰੀ ਤੇ ਕਮਿਸ਼ਨਰ ਵਜੋਂ ਚਾਰਜ ਸੰਭਾਲ ਲਿਆ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁਰਾਣੇ ਉੱਤਰੀ, ਪੂਰਬੀ ਤੇ ਦੱਖਣ ਨਗਰ ਨਿਗਮਾਂ ਵੱਲੋਂ ਇੱਕ ਲੜੀਵਾਰ ਕਬਜ਼ੇ ਵਿਰੋਧੀ ਮੁਹਿੰਮਾਂ ਚਲਾਈਆਂ ਗਈਆਂ ਸਨ, ਜਿਸ ਵਿੱਚ ਹਿੰਸਾ ਪ੍ਰਭਾਵਿਤ ਜਹਾਂਗੀਰਪੁਰੀ, ਸ਼ਾਹੀਨ ਬਾਗ, ਮਦਨਪੁਰ ਖਾਦਰ, ਨਿਊ ਫਰੈਂਡਜ਼ ਕਲੋਨੀ, ਮੰਗੋਲਪੁਰੀ, ਰੋਹਿਣੀ, ਗੋਕੁਲਪੁਰੀ, ਲੋਧੀ ਕਲੋਨੀ, ਜਨਕਪੁਰੀ, ਹਰੀ ਨਗਰ ਆਦਿ ਸ਼ਾਮਲ ਹਨ। ਸ਼ਾਹੀਨ ਬਾਗ, ਮਦਨਪੁਰ ਖਾਦਰ ਅਤੇ ਜਹਾਂਗੀਰਪੁਰੀ ਵਿੱਚ ਅਭਿਆਨ ਦੇ ਖਿਲਾਫ ਸਿਵਲ ਅਧਿਕਾਰੀਆਂ ਨੂੰ ਸਥਾਨਕ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ‘ਆਪ’ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਅਜਿਹੀਆਂ ਮੁਹਿੰਮਾਂ ਰਾਹੀਂ ਗ਼ਰੀਬਾਂ ਨੂੰ ਨਿਸ਼ਾਨਾ ਬਣਾ ਰਹੀ ਹੈ।